ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਰਾਜ ਦੇ ਵਿਕਾਸ ਦੇ ਨਾਲ-ਨਾਲ ਮਾਨ ਸਰਕਾਰ ਪ੍ਰਦੇਸ਼ ਦੇ ਨਾਗਰਿਕਾਂ ਦੀ ਸੇਵਾ ਚ ਵੀ ਲੱਗੀ ਹੋਈ ਹੈ। ਇਸ ਦੇ ਲਈ ਰਾਜ ਸਰਕਾਰ ਵੱਲੋਂ ਕਈ ਯੋਜਨਾਵਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਲੋਕਾਂ ਦੀ ਸਹੂਲਤ ਲਈ ਪੰਜਾਬ ਦੇ ਹਲਵਾਰਾ ਏਅਰਪੋਰਟ ‘ਤੇ ਉਡਾਣ ਦੀ ਸਹੂਲਤ ਜਲਦ ਸ਼ੁਰੂ ਹੋਣ ਜਾ ਰਹੀ ਹੈ।

ਸ਼ੁਰੂਆਤੀ ਪੜਾਅ ਵਿੱਚ ਲੁਧਿਆਣਾ ਤੋਂ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ ਅਤੇ ਦਿੱਲੀ ਤੋਂ ਲੁਧਿਆਣਾ ਲਈ ਦੋ ਉਡਾਣਾਂ ਚੱਲਣਗੀਆਂ। ਇਸ ਤੋਂ ਬਾਅਦ, ਦੇਸ਼ ਦੇ ਦੂਜੇ ਰਾਜਾਂ ਲਈ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਵਿੱਚ ਦੋ ਸਾਲ ਹੋਰ ਲੱਗ ਸਕਦੇ ਹਨ। ਹਵਾਈ ਸੈਨਾ ਨੇ ਭਾਰਤੀ ਹਵਾਈ ਅੱਡਾ ਅਥਾਰਟੀ ਨੂੰ ਹਲਵਾਰਾ ਏਅਰਬੇਸ ਤੋਂ ਉਡਾਣਾਂ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੀ ਸਲਾਟ ਕੋਆਰਡੀਨੇਸ਼ਨ-ਅਲਾਟਮੈਂਟ ਕਮੇਟੀ ਨੇ ਏਅਰ ਇੰਡੀਆ ਨੂੰ ਪਹਿਲੇ ਸਲਾਟ ਵਿੱਚ ਸਵੇਰੇ 7 ਵਜੇ ਹਲਵਾਰਾ ਵਿਖੇ ਉਤਰਨ ਅਤੇ 7:40 ਵਜੇ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਦੋਂ ਕਿ ਦੂਜੇ ਸਲਾਟ ਵਿੱਚ ਇਸਨੂੰ ਦੁਪਹਿਰ 3 ਵਜੇ ਲੈਂਡ ਕਰਨ ਅਤੇ 3:40 ਵਜੇ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੀ ਸਲਾਟ ਕੋਆਰਡੀਨੇਸ਼ਨ ਐਂਡ ਅਲੋਕੇਸ਼ਨ ਕਮੇਟੀ ਨੇ ਵੀ ਏਅਰ ਇੰਡੀਆ ਨੂੰ ਸਲਾਟ ਦੀ ਇਜਾਜ਼ਤ ਦੇ ਦਿੱਤੀ ਹੈ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਅਨੁਸਾਰ ਉਡਾਣਾਂ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਗਈਆਂ ਹਨ।

ਇਸ ਤੋਂ ਇਲਾਵਾ ਏਅਰ ਇੰਡੀਆ ਨੇ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਏਅਰਪੋਰਟ ਟਰਮੀਨਲ ਬਿਲਡਿੰਗ ਵਿੱਚ ਆਪਣਾ ਦਫਤਰ ਸਥਾਪਤ ਕਰਨ ਲਈ ਜਗ੍ਹਾ ਦੀ ਬੇਨਤੀ ਵੀ ਕੀਤੀ ਹੈ। ਰਿਪੋਰਟਾਂ ਅਨੁਸਾਰ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਇੱਕ ਦਿਨ ਪਹਿਲਾਂ ਹਲਵਾਰਾ ਏਅਰਪੋਰਟ ਟਰਮੀਨਲ ਬਿਲਡਿੰਗ ਦਾ ਦੌਰਾ ਵੀ ਕੀਤਾ ਅਤੇ ਦਫਤਰ ਦੀ ਜਗ੍ਹਾ ਨੂੰ ਅੰਤਿਮ ਰੂਪ ਦਿੱਤਾ।