ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਨੂੰ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਮੰਗਲਵਾਰ ਨੂੰ ਹੋਏ ਫ਼ੈਸਲੇ ਤੋਂ ਬਾਅਦ ਹੁਣ ਉਹ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਵਿੱਚ ਆਪਣੀ ਸਜ਼ਾ ਦੀ ਮਿਆਦ ਨੂੰ ਚੁਣੌਤੀ ਦੇਵੇਗਾ। ਉਸ ਨੇ ਆਪਣੀ ਦੋਸ਼ਸਿੱਧੀ ਖ਼ਿਲਾਫ਼ ਵੀ ਅਪੀਲ ਦੀ ਇਜਾਜ਼ਤ ਮੰਗੀ ਹੈ, ਜਿਸ ’ਤੇ ਵੱਖਰੇ ਤੌਰ ’ਤੇ ਫ਼ੈਸਲਾ ਹੋਵੇਗਾ।

ਦਿਗਵਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਵਿੱਚ ਸਾਹਮਣੇ ਆਏ ਵੇਰਵਿਆਂ ਮੁਤਾਬਕ ਨੋਵਾਕ ਪੋਰਟਸਵੁੱਡ ਵਿੱਚ ਰਾਤ ਬਾਹਰ ਬਿਤਾਉਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ।

ਅਦਾਲਤ ਮੁਤਾਬਕ ਇਸ ਦੌਰਾਨ ਦਿਗਵਾ ਨੇ 21 ਸੈਂਟੀਮੀਟਰ ਲੰਬੇ ਬਲੇਡ ਨਾਲ ਨੋਵਾਕ ’ਤੇ ਪੰਜ ਵਾਰ ਹਮਲਾ ਕੀਤਾ। ਨੋਵਾਕ ਦੀ ਇਸ ਹਮਲੇ ਵਿੱਚ ਮੌਤ ਹੋ ਗਈ ਸੀ।

ਜੂਨ ਵਿੱਚ ਅਦਾਲਤ ਨੇ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ।

ਕਿਰਪਾਨ ਨੂੰ ਲੈ ਕੇ ਦਿੱਤੀ ਸੀ ਦਲੀਲ

ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਰਪਾਨ ਨੂੰ ਲੈ ਕੇ ਵੀ ਕਾਫ਼ੀ ਚਰਚਾ ਹੋਈ ਸੀ। ਦਿਗਵਾ ਨੇ ਆਪਣੇ ਬਚਾਅ ਵਿੱਚ ਧਾਰਮਿਕ ਆਧਾਰ ’ਤੇ ਦਲੀਲਾਂ ਦਿੱਤੀਆਂ ਸਨ। ਉਸ ਦਾ ਕਹਿਣਾ ਸੀ ਕਿ ਉਸ ਕੋਲ ਕਿਰਪਾਨ ਸੀ ਅਤੇ ਬ੍ਰਿਟੇਨ ਵਿੱਚ ਸਿੱਖਾਂ ਨੂੰ ਧਾਰਮਿਕ ਕਾਰਨਾਂ ਕਰਕੇ ਕਿਰਪਾਨ ਰੱਖਣ ਦੀ ਕਾਨੂੰਨੀ ਇਜਾਜ਼ਤ ਹੈ।

ਅਦਾਲਤ ਵਿੱਚ ਦਿਗਵਾ ਵੱਲੋਂ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਨੋਵਾਕ ਨੇ ਉਸ ਨੂੰ ਪੁੱਛਿਆ ਸੀ, “ਕੀ ਤੁਸੀਂ ਬੁਰੇ ਆਦਮੀ ਹੋ?” ਦਿਗਵਾ ਵੱਲੋਂ ਨੋਵਾਕ ’ਤੇ ਨਸਲੀ ਟਿੱਪਣੀ ਕਰਨ ਦੇ ਦੋਸ਼ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।

ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਕਿਰਪਾਨ ਸਿੱਖ ਧਰਮ ਵਿੱਚ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਹੈ ਅਤੇ ਇਸ ਨੂੰ ਕਿਸੇ ’ਤੇ ਹਮਲਾ ਕਰਨ ਲਈ ਨਹੀਂ ਰੱਖਿਆ ਜਾਂਦਾ। ਜਸਟਿਸ ਵਿਲੀਅਮ ਮੌਸਲੇ ਨੇ ਕਿਹਾ ਸੀ ਕਿ ਕਿਸੇ ਖ਼ਤਰੇ ਦੇ ਜਵਾਬ ਵਿੱਚ ਕਿਰਪਾਨ ਦੀ ਵਰਤੋਂ ਨੂੰ ਜਾਇਜ਼ ਮੰਨਣ ਲਈ ਹਾਲਾਤ ਬਹੁਤ ਗੰਭੀਰ ਅਤੇ ਤੁਰੰਤ ਖ਼ਤਰੇ ਵਾਲੇ ਹੋਣੇ ਚਾਹੀਦੇ ਹਨ।

ਇਸ ਮਾਮਲੇ ਵਿੱਚ ਦਿਗਵਾ ਦੀ 53 ਸਾਲਾ ਮਾਂ ਕਿਰਨ ਕੌਰ ਨੂੰ ਵੀ ਸਾਊਥੈਂਪਟਨ ਕ੍ਰਾਊਨ ਕੋਰਟ ਨੇ ਜੁਲਾਈ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੂੰ ਦਿਗਵਾ ਵੱਲੋਂ ਨੋਵਾਕ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਅਤੇ ਉਸ ਨੂੰ ਘਟਨਾ ਸਥਾਨ ਤੋਂ ਹਟਾਉਣ ਵਿੱਚ ਮਦਦ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਮਾਮਲੇ ਦੀ ਜਾਂਚ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਵੀ ਸਵਾਲ ਉੱਠੇ। ਹੈਂਪਸ਼ਾਇਰ ਅਤੇ ਆਇਲ ਆਫ਼ ਵਾਈਟ ਕਾਂਸਟੈਬੁਲਰੀ ਦੇ ਅਧਿਕਾਰੀ ਪੁਲਿਸ ਦੇ ਕੰਮਕਾਜ ਵਿੱਚ ਕਥਿਤ ‘ਦੋਹਰੇ ਮਾਪਦੰਡਾਂ’ ਦੇ ਦੋਸ਼ਾਂ ਨੂੰ ਲੈ ਕੇ ਇੰਡੀਪੈਂਡੈਂਟ ਆਫ਼ਿਸ ਫ਼ਾਰ ਪੁਲਿਸ ਕੰਡਕਟ ਦੀ ਜਾਂਚ ਦੇ ਘੇਰੇ ਵਿੱਚ ਆਏ।

ਮਾਮਲੇ ਨਾਲ ਜੁੜੀ ਪੁਲਿਸ ਬਾਡੀ-ਕੈਮ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਨੋਵਾਕ ਦੇ ਆਖ਼ਰੀ ਪਲਾਂ ਦੌਰਾਨ ਪੁਲਿਸ ਅਧਿਕਾਰੀ ਉਸ ਨੂੰ ਹੱਥਕੜੀਆਂ ਲਾਉਂਦੇ ਦਿਖਾਈ ਦਿੱਤੇ ਸਨ। ਇਹ ਕਾਰਵਾਈ ਦਿਗਵਾ ਵੱਲੋਂ ਲਾਏ ਨਸਲੀ ਟਿੱਪਣੀ ਦੇ ਦੋਸ਼ਾਂ ਦੇ ਆਧਾਰ ’ਤੇ ਕੀਤੀ ਗਈ ਸੀ, ਪਰ ਬਾਅਦ ਵਿੱਚ ਅਦਾਲਤੀ ਕਾਰਵਾਈ ਵਿੱਚ ਇਹ ਦੋਸ਼ ਗ਼ਲਤ ਪਾਏ ਗਏ।

ਮਾਮਲੇ ਤੋਂ ਬਾਅਦ ਬ੍ਰਿਟਿਸ਼ ਸਿੱਖ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਕਿਰਪਾਨ ਦੀ ਗ਼ਲਤ ਵਿਆਖਿਆ ’ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਵਿੱਚ ਧਾਰਮਿਕ ਸੁਰੱਖਿਆ ਜਾਂ ਧਾਰਮਿਕ ਆਧਾਰ ’ਤੇ ਕੋਈ ਜਾਇਜ਼ ਠਹਿਰਾਉਣਾ ਲਾਗੂ ਨਹੀਂ ਹੁੰਦਾ। ਸਿੱਖ ਭਾਈਚਾਰੇ ਵੱਲੋਂ ਨੋਵਾਕ ਦੀ ਯਾਦ ਵਿੱਚ ਅਖੰਡ ਪਾਠ ਕਰਵਾਉਣ ਦੀ ਗੱਲ ਵੀ ਸਾਹਮਣੇ ਆਈ ਸੀ।