ਨਵੀਂ ਦਿੱਲੀ— ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਅੱਜ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦਾ ਕੇਸ ਟਰਾਂਸਫਰ ਕਰਨ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਜਾਣਕਾਰੀ ਮੁਤਾਬਕ ਪੱਤਰਕਾਰ ਛਤਰਪਤੀ ਸਾਹੂ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲਿਆਂ ‘ਚ ਪੰਚਕੂਲਾ ਸੀ. ਬੀ. ਆਈ. ਅਦਾਲਤ ‘ਚ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ ‘ਚ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਕੀਤਾ ਗਿਆ। ਜਿਸ ਦੌਰਾਨ ਰਾਮ ਰਹੀਮ ਦੇ ਵਕੀਲ ਨੇ ਕੇਸ ਟਰਾਂਸਫਰ ਕਰਨ ਦੀ ਅਪੀਲ ਕੀਤੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।
10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੁਕਸ਼ੇਤਰ ਦੇ ਰਣਜੀਤ ਦਾ ਕਤਲ ਕਰ ਦਿੱਤਾ ਗਿਆ ਸੀ। ਡੇਰੇ ਦੇ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਨੇ ਸਾਧਵੀ ਯੌਨ ਸ਼ੋਸ਼ਣ ਦੀ ਗੁਮਨਾਮ ਚਿੱਠੀ ਆਪਣੀ ਭੈਣ ਤੋਂ ਹੀ ਲਿਖਵਾਈ ਸੀ। ਪੁਲਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਸੀ. ਬੀ. ਆਈ. ਜਾਂਚ ਦੀ ਮੰੰਗ ਕੀਤੀ ਸੀ। 24 ਅਕਤੂਬਰ, 2002 ਨੂੰ ਸਿਰਸਾ ਦੇ ਦੈਨਿਕ ‘ਪੂਰਾ ਸੱਚ’ ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ 5 ਗੋਲੀਆਂ ਮਾਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ 21 ਨਵੰਬਰ 2002 ਨੂੰ ਰਾਮਚੰਦਰ ਛਤਰਪਤੀ ਦੀ ਦਿੱਲੀ ਦੇ ਅਪੋਲੋ ਹਸਪਤਾਲ ‘ਚ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਆਪਣੀ ਅਖਬਾਰ ‘ਚ ਸਾਧਵੀ ਯੌਨ ਸ਼ੋਸ਼ਣ ਮਾਮਲੇ ਦਾ ਜ਼ਿਕਰ ਕਰਨ ‘ਤੇ ਹੀ ਛਤਰਪਤੀ ਦੀ ਹੱਤਿਆ ਕੀਤੀ ਗਈ ਸੀ।













