ਪੁਣੇ, 13 ਸਤੰਬਰ
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਪੁਸੇਸਾਵਲੀ ਪਿੰਡ ’ਚ ਫਿਰਕੂ ਹਿੰਸਾ ਦੇ ਦੋ ਦਿਨ ਬਾਅਦ ਅੱਜ ਹਾਲਾਤ ਕਾਬੂ ਹੇਠ ਹਨ ਪਰ ਇਹਤਿਆਤ ਵਜੋਂ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਸ ਹਿੰਸਾ ਵਿੱਚ ਇਕ ਵਿਅਕਤੀ ਦੀ ਮੌਤ ਅਤੇ 10 ਹੋਰ ਜ਼ਖਮੀ ਹੋ ਗਏ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਿੱਚ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਹ ਪਿੰਡ ਪੱਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 45 ਕਿਲੋਮੀਟਰ ਦੂਰ ਹੈ। ਸੋਸ਼ਲ ਮੀਡੀਆ ’ਤੇ ‘ਇਤਰਾਜ਼ਯੋਗ’ ਪੋਸਟਾਂ ਸਾਂਝੀਆਂ ਕਰਨ ਨੂੰ ਲੈ ਕੇ ਐਤਵਾਰ ਰਾਤ ਨੂੰ ਦੋ ਧੜਿਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਪੁਲੀਸ ਨੇ 23 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਇਸੇ ਦੌਰਾਨ ਕੁਝ ਜਥੇਬੰਦੀਆਂ ਨੇ ਅੱਜ ਸਤਾਰਾ ਸ਼ਹਿਰ ਵਿੱਚ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਮਾਰਚ ਨਾ ਕੱਢਣ ਲਈ ਮਨਾ ਲਿਆ ਅਤੇ ਸ਼ਨਿਚਰਵਾਰ ਤੱਕ ਆਪਣਾ ਮਾਰਚ ਮੁਲਤਵੀ ਕਰਨ ਦੀ ਅਪੀਲ ਕੀਤੀ। ਡੀਐੱਸਪੀ ਕਿਰਨ ਕੁਮਾਰ ਸੂਰਿਆਵੰਸ਼ੀ ਨੇ ਕਿਹਾ, “ਕੁਝ ਜਥੇਬੰਦੀਆਂ ਨੇ ਪੁਲੀਸ ਤੋਂ ਅਗਾਊਂ ਇਜਾਜ਼ਤ ਲਏ ਬਿਨਾਂ ਸਤਾਰਾ ਸ਼ਹਿਰ ਵਿੱਚ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਇਲਾਕੇ ਵਿੱਚ ਧਾਰਾ 144 ਲਾਗੂ ਹੈ, ਜਿਸ ਕਰਕੇ ਉਨ੍ਹਾਂ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਆਉਣ ’ਤੇ ਹੀ ਪ੍ਰਬੰਧਕਾਂ ਨੂੰ ਮਾਰਚ ਕਰਨ ਲਈ ਕਿਹਾ ਹੈ।’’ ਪੁਲੀਸ ਨੇ ਦੱਸਿਆ ਕਿ ਇਤਰਾਜ਼ਯੋਗ ਪੋਸਟ ਸਾਂਝੀ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਹੈ ਅਤੇ ਪੋਸਟ ਸਾਂਝੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।