ਮੁੰਬਈ:ਬੌਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਆਪਣੀਆਂ ਫਿਲਮਾਂ ਦੇ ਨਾਲ ਨਾਲ ਨਰਮ ਵਤੀਰੇ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਅਜਿਹੀ ਹੀ ਕਹਾਣੀ ਜਲੰਧਰ ਨੇੜਲੇ ਆਦਮਪੁਰ ਦੀ ਰਹਿਣ ਵਾਲੀ ਤੇ ਪੇਸ਼ੇ ਵਜੋਂ ਮਾਡਲ ਨਵਪ੍ਰੀਤ ਕੌਰ ਨੇ ਵੀ ਬਿਆਨੀ ਹੈ। ਦਰਅਸਲ, ਨਵਪ੍ਰੀਤ ਕੌਰ ਕੁਝ ਦਿਨ ਪਹਿਲਾਂ ਸ਼ਾਹਰੁਖ ਦੇ ਘਰ ਮੰਨਤ ਗਈ ਸੀ ਜਿੱਥੇ ਉਸ ਨੇ ਸ਼ਾਹਰੁਖ ਤੇ ਉਸ ਦੇ ਪਰਿਵਾਰ ਨਾਲ ਸਮਾਂ ਬਿਤਾਇਆ ਅਤੇ ਸ਼ਾਹਰੁਖ ਨੇ ਵੀ ਆਪ ਪਿਜ਼ਾ ਬਣਾ ਕੇ ਨਵਪ੍ਰੀਤ ਕੌਰ ਨੂੰ ਖੁਆਇਆ। ਨਵਪ੍ਰੀਤ ਨੇ ਇੰਸਟਾਗ੍ਰਾਮ ’ਤੇ ਕਿੰਗ ਖਾਨ ਨਾਲ ਸੈਲਫੀ ਵੀ ਸਾਂਝੀ ਕੀਤੀ ਹੈ। ਨਵਪ੍ਰੀਤ ਨੇ ਲਿਖਿਆ, ‘ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਮੈਂ ਸ਼ਾਹਰੁਖ ਨਾਲ ਸੈਲਫੀ ਨੂੰ ਕਦੇ ਵੀ ਪੋਸਟ ਨਹੀਂ ਕਰਾਂਗੀ ਪਰ ਇਹ ਯਾਦ ਬਹੁਤ ਕੀਮਤੀ ਹੈ, ਇਸ ਕਰ ਕੇ ਮੈਂ ਆਪਣਾ ਵਾਅਦਾ ਨਿਭਾ ਨਾ ਸਕੀ। ਮੈਂ ਜਦੋਂ ਮੰਨਤ ਵਿਚ ਪੁੱਜੀ ਤਾਂ ਸੋਚਿਆ ਕਿ ਮੈਂ ਸੁਫਨਾ ਦੇਖ ਰਹੀ ਹਾਂ ਅਤੇ ਕੋਈ ਜਲਦੀ ਹੀ ਮੈਨੂੰ ਜਗਾਉਣ ਵਾਲਾ ਹੈ ਪਰ ਮੈਂ ਆਪਣਾ ਸ਼ਾਂਤ ਅਤੇ ਸੰਜਮ ਰਹੀ। ਅਸੀਂ ਸਾਰੇ ਡਾਇਨਿੰਗ ਟੇਬਲ ’ਤੇ ਬੈਠੇ ਤੇ ਖਾਣਾ ਖਾਧਾ ਪਰ ਉਸ ਦਿਨ ਮੈਨੂੰ ਭੁੱਖ ਹੀ ਨਾ ਲੱਗੀ ਕਿਉਂਕਿ ਸ਼ਾਹਰੁਖ ਦੇ ਘਰ ਦੇਖਣ ਦੇ ਚਾਅ ਨਾਲ ਮੇਰੀ ਭੁੱਖ ਮਿਟ ਗਈ ਸੀ। ਇਸ ਤੋਂ ਬਾਅਦ ਮੈਂ ਵਾਸ਼ਰੂਮ ਦਾ ਰਸਤਾ ਪੁੱਛਿਆ ਤਾਂ ਖਾਨ ਨਿੱਘੇ ਮੇਜ਼ਬਾਨ ਦੀ ਤਰ੍ਹਾਂ ਮੈਨੂੰ ਆਪ ਵਾਸ਼ਰੂਮ ਦੇ ਦਰਵਾਜ਼ੇ ਤਕ ਛੱਡਣ ਆਏ। ਮੈਂ ਵਾਸ਼ਰੂਮ ਦੇ ਅੰਦਰ ਜਾ ਕੇ ਇਸ ਸੁਫਨਮਈ ਘਟਨਾ ’ਤੇ ਚੁੱਪਚਾਪ ਉੱਚੀ ਆਵਾਜ਼ ਵਿੱਚ ਅੰਦਰੋਂ ਅੰਦਰ ਚੀਕੀ। ਮਗਰੋਂ ਉਹ ਮੈਨੂੰ ਬਾਹਰ ਕਾਰ ਤੱਕ ਛੱਡਣ ਆਇਆ।’