ਚੰਡੀਗੜ੍ਹ, 22 ਜਨਵਰੀ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਲੰਘੇ ਦਿਨ ਇਕ ਅਹਿਮ ਖੁਲਾਸਾ ਕੀਤਾ ਕਿ ਕਿਵੇਂ ਇਕ ਮੈਗਜ਼ੀਨ ਨੂੰ ਇੰਟਰਵਿਊ ਦੇਣ ਮੌਕੇ ਉਸ ਨੂੰ ਉਥੋਂ ਖਿਸਕਣਾ ਪਿਆ। ਦਿਲਜੀਤ ਨੇ ਕਿਹਾ ਕਿ ਉਹ ਮੈਗਜ਼ੀਨ ਨੂੰ ਇੰਟਰਵਿਊ ਦੇਣ ਗਿਆ ਸੀ, ਪਰ ਜਦੋਂ ਉਸ ਨੇ ਇੰਟਰਵਿਊ ਲੈਣ ਵਾਲੇ ਨੂੰ ਹਰੇਕ ਤੋਂ ਅੰਗਰੇਜ਼ੀ ’ਚ ਸਵਾਲ ਪੁੱਛਦੇ ਵੇਖਿਆ ਤੋਂ ਉਥੋਂ ਖਿਸਕਣਾ ਹੀ ਬਿਹਤਰ ਸਮਝਿਆ। ਦਿਲਜੀਤ, ਦੋ ਸਾਲ ਪਹਿਲਾਂ (2019 ’ਚ) ‘ਵੋਗ’ ਮੈਗਜ਼ੀਨ ਦੇ ਕਵਰ ’ਤੇ ਕਰੀਨਾ ਕਪੂਰ ਖ਼ਾਨ, ਕਰਨ ਜੌਹਰ ਤੇ ਨਤਾਸ਼ਾ ਪੂਨਾਵਾਲਾ ਦੇ ਨਾਲ ਨਜ਼ਰ ਆਇਆ ਸੀ। ਦਿਲਜੀਤ ਨੇ ਤਸਵੀਰਾਂ ਲਈ ਪੋਜ਼ ਤਾਂ ਦਿੱਤੇ, ਪਰ ਉਸ ਨੇ ਮੈਗਜ਼ੀਨ ਨੂੰ ਇੰਟਰਵਿਊ ਨਾ ਦਿੱਤੀ। ਪਿਛਲੇ ਸਾਲ ਬੀਬੀਸੀ ਏਸ਼ੀਅਨ ਨੈੱਟਵਰਕ ਨਾਲ ਗੱਲਬਾਤ ਕਰਦਿਆਂ ਦਿਲਜੀਤ ਨੇ ਕਿਹਾ ਸੀ ਕਿ ਉਸ ਨੇ ਇੰਟਰਵਿਊ ’ਚੋਂ ਖਿਸਕਣਾ ਹੀ ਬਿਹਤਰ ਸਮਝਿਆ ਕਿਉਂਕਿ ਉਸ ਨੂੰ ਅੰਗਰੇਜ਼ੀ ਬੋਲਣ ਨੂੰ ਲੈ ਕੇ ਬਹੁਤ ਆਤਮ ਵਿਸ਼ਵਾਸ ਨਹੀਂ ਸੀ।