ਬਰਮਿੰਘਮ, 1 ਅਗਸਤ

ਅਚਿੰਤਾ ਸ਼ੇਉਲੀ ਨੇ ਰਾਸ਼ਟਰਮੰਡਲ ਖੇਡਾਂ ’ਚ ਵੇਟਲਿਫਟਿੰਗ ਵਿੱਚ ਭਾਰਤ ਦੀ ਸੁਨਹਿਰੀ ਮੁਹਿੰਮ ਜਾਰੀ ਰੱਖਦਿਆਂ ਅੱਜ ਪੁਰਸ਼ਾਂ ਦੇ 73 ਕਿਲੋ ਵਰਗ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਤੀਜਾ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਅਤੇ ਜੇਰੇਮੀ ਲਾਲਰਿੰਨਨੁੰਗਾ ਨੇ ਭਾਰਤ ਨੂੰ ਵੇਟਿੰਗ ਵਿੱਚ ਸੋਨ ਤਗਮੇ ਦਿਵਾਏ ਸਨ। ਪੱਛਮੀ ਬੰਗਾਲ ਦੇ 21 ਸਾਲਾ ਸ਼ੇਉਲੀ ਨੇ ਸਨੈਚ ਵਿੱਚ 143 ਕਿਲੋਗ੍ਰਾਮ ਵਜ਼ਨ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਨਵਾਂ ਰਿਕਾਰਡ ਬਣਾਇਆ। ਉਨ੍ਹਾਂ ਕਲੀਨ ਐਂਡ ਜਰਕ ਵਿੱਚ 170 ਕਿਲੋਗ੍ਰਾਮ ਸਮੇਤ ਕੁਲ 313 ਕਿਲੋ ਵਜ਼ਨ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਆਪਣੇ ਨਾਂ ਕੀਤਾ। ਮਲੇਸ਼ੀਆ ਦੇ ਹਦਾਇਤ ਮੁਹੰਮਦ ਨੇ ਚਾਂਦੀ ਅਤੇ ਕੈਨੇਡਾ ਦੇ ਸ਼ਾਦ ਡਾਰਸਿਗਨੀ ਨੇ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਕ੍ਰਮਵਾਰ 303 ਅਤੇ 298 ਕਿਲੋਗ੍ਰਾਮ ਵਜ਼ਨ ਚੁੱਕਿਆ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਚਿੰਤਾ ਨੂੰ ਸੋਨ ਤਗਮਾ ਜਿੱਤਣ ’ਤੇ ਵਧਾਈ ਦਿੱਤੀ ਹੈ।