ਨਵੀ ਦਿੱਲੀ : ਰਾਜ ਸਭਾ ਵਿੱਚ ਬੁੱਧਵਾਰ ਨੂੰ ਪੀਐਮ ਮੋਦੀ ਨੇ ਰਿਟਾਇਰ ਹੋ ਰਹੇ 59 ਸੰਸਦ ਮੈਂਬਰਾਂ ਲਈ ਵਿਦਾਇਗੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ “ਇਸ ਸਦਨ ਵਿੱਚ ਜੋ ਵੀ ਮੈਂਬਰ ਵਿਦਾਇਗੀ ਲੈ ਰਹੇ ਹਨ, ਕੁਝ ਮੈਂਬਰ ਅਜਿਹੇ ਹਨ, ਜਿਨ੍ਹਾਂ ਨੂੰ ਸਦਨ ਦੇ ਦੌਰਾਨ ਹੀ ਵਿਦਾਇਗੀ ਮਿਲ ਰਹੀ ਹੈ। ਇਹ ਜਾਣ ਵਾਲੇ ਮਾਨਯੋਗ ਮੈਂਬਰਾਂ ਦਾ ਯੋਗਦਾਨ ਹੈ। ਮੈਂ ਕਹਾਂਗਾ ਕਿ ਆਦਰਯੋਗ ਦੇਵਗੌੜਾ ਜੀ, ਖੜਗੇ, ਸ਼ਰਦ ਪਵਾਰ ਅਜਿਹੇ ਲੋਕ ਹਨ, ਜਿਨ੍ਹਾਂ ਦੇ ਜੀਵਨ ਦੀ ਅੱਧੀ ਤੋਂ ਵੱਧ ਉਮਰ ਸੰਸਦੀ ਕਾਰਜਪ੍ਰਣਾਲੀ ਵਿੱਚ ਰਹੀ ਹੈ।”

ਉਨ੍ਹਾਂ ਕਿਹਾ ਕਿ ਮੈਂਬਰਾਂ ਨੂੰ ਇੰਨੇ ਲੰਬੇ ਅਨੁਭਵਾਂ ਤੋਂ ਸਿੱਖਣਾ ਚਾਹੀਦਾ ਹੈ। ਸਮਾਜ ਵਿੱਚ ਜੋ ਜ਼ਿੰਮੇਵਾਰੀ ਰਹੀ ਹੈ, ਉਸ ਪ੍ਰਤੀ ਸਮਰਪਿਤ ਰਹਿਣਾ ਇਨ੍ਹਾਂ ਤੋਂ ਸਿੱਖਣ ਵਾਲੀ ਗੱਲ ਹੈ। ਮੈਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਾਂਗਾ। ਇੰਨਾ ਲੰਬਾ ਕਾਰਜਕਾਲ ਛੋਟਾ ਨਹੀਂ ਹੁੰਦਾ।

ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਸੀਨੀਅਰ ਸੰਸਦ ਮੈਂਬਰਾਂ ਲਈ ਵਿਦਾਇਗੀ ਭਾਸ਼ਣ ਦਿੰਦਿਆਂ ਕਿਹਾ ਕਿ ਪੁਰਾਣੀ ਪੀੜ੍ਹੀ ਦੇ ਆਗੂਆਂ ਦਾ ਤਜ਼ਰਬਾ ਲੋਕਤੰਤਰੀ ਵਿਵਸਥਾ ਦੀ ਅਣਮੋਲ ਪੂੰਜੀ ਹੈ ਅਤੇ ਨਵੇਂ ਸੰਸਦ ਮੈਂਬਰਾਂ ਨੂੰ ਉਨ੍ਹਾਂ ਤੋਂ ਸਿੱਖਣ ਦਾ ਹਰ ਮੌਕਾ ਵਰਤਣਾ ਚਾਹੀਦਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਰਾਜਨੀਤੀ ਅਜਿਹਾ ਖੇਤਰ ਹੈ ਜਿੱਥੇ ਕਦੇ ਵੀ ‘ਫੁੱਲ ਸਟਾਪ’ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਸਦਨ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਹੁੰਦੀ ਹੈ ਅਤੇ ਹਰੇਕ ਮੈਂਬਰ ਦੀ ਇਸ ਵਿੱਚ ਇੱਕ ਵਿਲੱਖਣ ਭੂਮਿਕਾ ਹੁੰਦੀ ਹੈ। ਅਜਿਹੇ ਪਲਾਂ ਵਿੱਚ ਪਾਰਟੀ ਦੀਆਂ ਸੀਮਾਵਾਂ ਤੋਂ ਉੱਪਰ ਉੱਠ ਕੇ ਆਪਸੀ ਸਨਮਾਨ ਦੀ ਭਾਵਨਾ ਪੈਦਾ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਜੋ ਸੀਨੀਅਰ ਮੈਂਬਰ ਅਜੇ ਸਦਨ ਵਿੱਚ ਬਣੇ ਰਹਿਣਗੇ, ਉਹ ਨਵੇਂ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਆਪਣੇ ਤਜ਼ਰਬੇ ਦਾ ਲਾਭ ਦੇਣਗੇ। ਉਨ੍ਹਾਂ ਕਿਹਾ, ‘ਇਹ ਪ੍ਰਕਿਰਿਆ ਹਮੇਸ਼ਾ ਚਲਦੀ ਰਹਿੰਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਵੇਂ ਸੰਸਦ ਮੈਂਬਰਾਂ ਨੂੰ ਸੀਨੀਅਰਾਂ ਦੀ ਸਿੱਖਿਆ ਅਤੇ ਮਾਰਗਦਰਸ਼ਨ ਮਿਲਦਾ ਰਹੇਗਾ।’