ਨਵੀਂ ਦਿੱਲੀ:ਬੈਡਮਿੰਟਨ ਵਰਲਡ ਫੈਡਰੇਸ਼ਨ ਨੇ ਅੱਜ ਦੱਸਿਆ ਕਿ ਰਸ਼ੀਅਨ ਓਪਨ ਤੇ ਇੰਡੋਨੇਸ਼ੀਆ ਮਾਸਟਰਜ਼ ਟੂਰਨਾਮੈਂਟ ਕਰੋਨਾ ਮਹਾਮਾਰੀ ਕਾਰਨ ਰੱਦ ਕਰ ਦਿੱਤੇ ਗਏ ਹਨ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਰੋਨਾ ਦੀਆਂ ਪਾਬੰਦੀਆਂ ਕਾਰਨ ਉਨ੍ਹਾਂ ਕੋਲ ਹੋਰ ਰਾਹ ਨਹੀਂ ਬਚੇ ਜਿਸ ਕਾਰਨ ਟੂਰਨਾਮੈਂਟ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰਸ਼ੀਅਨ ਓਪਨ ਟੂਰਨਾਮੈਂਟ ਵਲਾਦਿਵੋਸਤੋਕ ਵਿਚ 20 ਤੋਂ 25 ਜੁਲਾਈ ਤੇ ਇੰਡੋਨੇਸ਼ੀਆ ਮਾਸਟਰਜ਼ ਟੂਰਨਾਮੈਂਟ 5 ਤੋਂ 10 ਅਕਤੂਬਰ ਤਕ ਹੋਣਾ ਸੀ। ਇਸ ਤੋਂ ਇਲਾਵਾ ਜੂਨ ਵਿਚ ਹੋਣ ਵਾਲਾ ਕੈਨੇਡਾ ਓਪਨ ਵੀ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਬੈਡਮਿੰਟਨ ਐਸੋਸੀਏਸ਼ਨ ਅਨੁਸਾਰ ਵੀ ਅਗਸਤ ਵਿਚ ਹੈਦਰਾਬਾਦ ਓਪਨ ਕਰੋਨਾ ਕਾਰਨ ਕਰਵਾਉਣ ਬਾਰੇ ਦੁਚਿੱਤੀ ਬਣੀ ਹੋਈ ਹੈ ਜਿਸ ਬਾਰੇ ਅੰਤਿਮ ਫੈਸਲਾ ਅਗਲੇ ਮਹੀਨੇ ਕੀਤਾ ਜਾਵੇਗਾ।