ਕੀਵ, 20 ਸਤੰਬਰ
ਰੂਸ ਵੱਲੋਂ ਅੱਜ ਤੜਕੇ ਪੱਛਮੀ ਸ਼ਹਿਰ ਲਵੀਵ ’ਤੇ ਕੀਤੇ ਭਾਰੀ ਡਰੋਨ ਹਮਲੇ ਦੌਰਾਨ ਅੱਗ ਲੱਗਣ ਕਾਰਨ ਗੁਦਾਮ ਤਬਾਹ ਹੋ ਗਿਆ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਜਾਣਕਾਰੀ ਯੂਕਰੇਨ ਦੇ ਅਧਿਕਾਰੀਆਂ ਨੇ ਦਿੱਤੀ ਹੈ। ਯੂਕਰੇਨੀ ਹਵਾਈ ਫ਼ੌਜ ਨੇ ਕਿਹਾ ਕਿ ਯੂਕਰੇਨ ਨੇ ਸ਼ਾਹਿਦ ਡਰੋਨ ਨਾਲ ਕੀਤੇ 30 ਵਿੱਚੋਂ 27 ਹਮਲਿਆਂ ਨੂੰ ਰੋਕ ਦਿੱਤਾ ਹੈ। ਗਵਰਨਰ ਮੈਕਸਿਮ ਕੋਜ਼ਿਤਸਕਾਈ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਕੀਤੇ ਡਰੋਨ ਹਮਲੇ ਕਾਰਨ ਉਦਯੋਗਿਕ ਭੰਡਾਰ ਨੂੰ ਅੱਗ ਲੱਗ ਗਈ। ਹਾਲਾਂਕਿ, ਇਸ ਦੀ ਵਰਤੋਂ ਫੌਜੀ ਮਕਸਦ ਲਈ ਨਹੀਂ ਕੀਤੀ ਜਾ ਰਹੀ ਸੀ। ਯੂਕਰੇਨ ਦੇ ਗ੍ਰਹਿ ਮੰਤਰੀ ਇਹੋਰ ਕਲਾਈਮੈਂਕੋ ਨੇ ਕਿਹਾ ਕਿ ਦੱਖਣ ਵਿੱਚ ਖੇਰਸੋਨ ਵਿੱਚ ਇੱਕ ਬੱਸ ’ਤੇ ਹਮਲਾ ਕੀਤਾ ਗਿਆ ਜਿਸ ਵਿੱਚ ਇੱਕ ਪੁਲੀਸ ਸਰਜੈਂਟ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਕਾਰਨ ਗੁਦਾਮ ਨੂੰ ਵੀ ਅੱਗ ਲੱਗ ਗਈ। ਇਹ ਬੰਬਾਰੀ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਸੰਯੁਕਤ ਰਾਸ਼ਟਰ ਦੀ ਆਮ ਸਭਾ ਤੇ ਸਲਾਮਤੀ ਕੌਂਸਲ ਨੂੰ ਸੰਬੋਧਨ ਕਰਨ ਲਈ ਨਿਊਯਾਰਕ ਵਿੱਚ ਹਨ। ਇਸ ਤੋਂ ਬਾਅਦ ਉਹ ਵਾਸ਼ਿੰਗਟਨ ਵਿੱਚ ਵੀਰਵਾਰ ਨੂੰ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਜ਼ੈਲੇਂਸਕੀ ਨੇ ਇਸ ਲੜਾਈ ਵਿੱਚ ਜਵਾਬੀ ਕਾਰਵਾਈ ਵਾਸਤੇ ਫੰਡ ਇਕੱਤਰ ਕਰਨ ਅਤੇ ਨਵੇਂ ਹਥਿਆਰਾਂ ਦੀ ਸਹਾਇਤਾ ਲਈ ਜੁਲਾਈ ਤੋਂ ਮੁਹਿੰਮ ਵਿੱਢੀ ਹੋਈ ਹੈ। ਉਧਰ, ਨਾਰਵੇ ਨੇ ਵੀ ਯੂਕਰੇਨ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।