ਪਠਾਨਕੋਟ : ਰਸੋਈ ਗੈਸ ਦੀ ਭਾਰੀ ਕਿੱਲਤ ਤੋਂ ਪਰੇਸ਼ਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਠਾਨਕੋਟ ਵਿੱਚ ਕਾਰਵਾਈ ਕੀਤੀ। ਉਨ੍ਹਾਂ ਨੇ ਅੱਜ ਸਵੇਰੇ ਤੰਗੋਸ਼ਾਹ ਦੀ ਇੱਕ ਪ੍ਰਮੁੱਖ ਗੈਸ ਏਜੰਸੀ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਮੰਤਰੀ ਕਟਾਰੂਚੱਕ ਨੇ ਸਵੇਰੇ ਲਗਭਗ 9 ਵਜੇ ਗੈਸ ਏਜੰਸੀ ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਨੇ ਦੇਖਿਆ ਕਿ 300-400 ਲੋਕ ਗੈਸ ਸਿਲੰਡਰ ਲਈ ਕਤਾਰਾਂ ਵਿੱਚ ਖੜ੍ਹੇ ਸਨ। ਕਤਾਰ ਵਿੱਚ ਖੜ੍ਹੇ ਕਈ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਸਵੇਰੇ 4 ਵਜੇ ਤੋਂ ਇੰਤਜ਼ਾਰ ਕਰ ਰਹੇ ਹਨ, ਜਦਕਿ ਕੁਝ ਪਿਛਲੇ 2-3 ਦਿਨਾਂ ਤੋਂ ਸਿਲੰਡਰ ਲਈ ਲਾਈਨ ਵਿੱਚ ਲੱਗੇ ਹੋਏ ਸਨ। ਇਹ ਦ੍ਰਿਸ਼ ਦੇਖ ਕੇ ਮੰਤਰੀ ਕਾਫੀ ਨਾਰਾਜ਼ ਹੋਏ ਅਤੇ ਤੁਰੰਤ ਏਜੰਸੀ ਕਰਮਚਾਰੀਆਂ ਨੂੰ ਫਟਕਾਰ ਲਗਾਈ।
ਮੌਕੇ ‘ਤੇ ਹੀ ਮੰਤਰੀ ਨੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ (DFSC) ਰਾਜ ਰਿਸ਼ੀ ਮਹਿਰਾ ਨੂੰ ਫ਼ੋਨ ਕੀਤਾ। ਉਨ੍ਹਾਂ ਦੱਸਿਆ ਕਿ ਏਜੰਸੀ ਵਿੱਚ ਸਿਰਫ਼ ਇੱਕ ਸਟੋਰ ਕੀਪਰ ਮੌਜੂਦ ਸੀ ਅਤੇ ਬਾਕੀ ਕਰਮਚਾਰੀ ਗੈਰ-ਹਾਜ਼ਰ ਸਨ। ਮੰਤਰੀ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਲੋਕਾਂ ਦੀ ਪਰੇਸ਼ਾਨੀ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਅਤੇ ਸਬੰਧਤ ਏਜੰਸੀ ਮਾਲਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸਟੋਰ ਕੀਪਰ ਦੇ ਨਾਲ ਮਿਲ ਕੇ ਮੰਤਰੀ ਨੇ ਗੋਦਾਮ ਦੀ ਚਾਬੀ ਲੈ ਕੇ ਸਿਲੰਡਰਾਂ ਦੀ ਚੈਕਿੰਗ ਵੀ ਕਰਵਾਈ। DFSC ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਮੰਤਰੀ ਕਟਾਰੂਚੱਕ ਨੇ ਟਵੀਟ ਦੱਸਿਆ ਕਿ “ਅੱਜ ਤੜਕਸਾਰ ਤੰਗੋਸਾਹ (ਹਲਕਾ ਭੋਆ) ਸਥਿਤ ਦੀਨਾਨਗਰ ਗੈਸ ਏਜੰਸੀ ਦਾ ਅਚਨਚੇਤ ਨਿਰੀਖਣ ਕੀਤਾ। ਬੜੇ ਦੁੱਖ ਦੀ ਗੱਲ ਹੈ ਕਿ ਸਾਡੀਆਂ ਮਾਵਾਂ-ਭੈਣਾਂ ਅਤੇ ਬਜ਼ੁਰਗਾਂ ਨੂੰ ਆਪਣੀ ਹੀ ਸਹੂਲਤ ਲਈ ਲੰਬੀਆਂ ਕਤਾਰਾਂ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਸੀ। ਇਸ ਲਾਪਰਵਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਮੌਕੇ ‘ਤੇ ਹੀ ਵਿਭਾਗੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਮੇਰੇ ਲਈ ਮੇਰਾ ਹਲਕਾ ਮੇਰਾ ਪਰਿਵਾਰ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।”














