ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਹੜ੍ਹਾਂ ‘ਤੇ ਬੁਲਾਏ ਗਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਦੂਜਾ ਤੇ ਆਖਰੀ ਦਿਨ ਹੈ ਜਿਸ ਵਿਚ ਹੜ੍ਹਾਂ ‘ਤੇ ਚਰਚਾ ਹੋ ਰਹੀ ਹੈ। ਭਾਜਪਾ ਨੇ ਇਸ ਸੈਸ਼ਨ ਦਾ ਬਾਈਕਾਟ ਕੀਤਾ ਹੈ।
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਹੜ੍ਹ ਪਹਿਲੀ ਵਾਰ ਨਹੀਂ ਆਏ ਹਨ। ਅੱਗੇ ਇਸ ਤਰ੍ਹਾਂ ਦੀ ਤਬਾਹੀ ਨਾ ਹੋਵੇ, ਪਹਿਲੇ ਦਿਨ ਇਸ ‘ਤੇ ਚਰਚਾ ਹੋਣੀ ਚਾਹੀਦੀ ਸੀ। ਕਾਂਗਰਸ ਦੇ 5 ਸਾਲਾਂ ਵਿਚ ਡ੍ਰੇਨਾਂ ਦੀ ਸਫਾਈ ਲਈ 103 ਕਰੋੜ ਖਰਚ ਕੀਤੇ ਜਦੋਂ ਕਿ ਆਪ ਦੇ ਸਮੇਂ 227 ਕਰੋੜ ਖਰਚ ਕੀਤੇ ਗਏ। 1044 ਚੈੱਕ ਡੈਮ ਬਣਾਏ ਗਏ। ਉਸ ਤੋਂ ਪਹਿਲਾਂ ਦੀ ਸਰਕਾਰ ਦਾ ਕੋਈ ਰਿਕਾਰਡ ਨਹੀਂ ਹੈ। 19 ਪੋਕਲੇਨ ਮਸ਼ੀਨ ਲਈਆਂ ਗਈਆਂ ਪਰ ਪਹਿਲਾਂ ਦੀਆਂ ਸਰਕਾਰਾਂ ਨੇ ਉਸ ਸਮੇਂ ਦੇ ਠੇਕੇਦਾਰਾਂ ਤੋਂ ਕੰਮ ਕਰਵਾਇਆ। 1000 ਕਰੋੜ ਇਰੀਗੇਸ਼ਨ ਸਕੈਮ ਵਿਚ ਹੋਇਆ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਹੜ੍ਹ ਨਾਲ ਨਿਪਟਣ ਲਈ ਚੁੱਕੇ ਗਏ ਕਦਮਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਅਧਿਕਾਰੀਆਂ ਤੇ ਆਗੂਆਂ ਨੇ ਕੰਮ ਕੀਤਾ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ‘ਤੇ ਤੰਜ ਕੱਸਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਅਜਿਹੇ ਨਹੀਂ ਹਾਂ ਕਿ ਇਕ ਦਿਨ ਬੰਬੂਕਾਟ ‘ਤੇ ਚੜ੍ਹੇ ਤੇ ਪੈਰਾਂ ਨੂੰ ਮਿੱਟੀ ਤੱਕ ਨਹੀਂ ਲੱਗਣ ਦਿੱਤੀ। ਹੜ੍ਹ ਆਉਣ ਤੋਂ ਪਹਿਲਾਂ ਹੀ ਮੰਤਰੀਆਂ ਦੇ ਗਰੁੱਪ ਬਣ ਚੁੱਕੇ ਸਨ। ਕਾਂਗਰਸ ਸਰਕਾਰ ਦੇ ਮੁਕਾਬਲੇ ਅਸੀਂ ਡੀ-ਸ਼ਿਲਟਿੰਗ ‘ਤੇ ਜ਼ਿਆਦਾ ਪੈਸਾ ਖਰਚ ਕੀਤਾ ਹੈ।
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਨੇਤਾ ਉਹੀ ਹੈ ਜੋ ਦੁੱਖ ਵਿਚ ਅੱਗੇ ਤੇ ਸੁੱਖ ਵਿਚ ਪਿੱਛੇ ਰਹੇ। ਜਦੋਂ ਕੋਰੋਨਾ ਆਇਆ ਸੀ ਤਾਂ ਤਤਕਾਲੀਨ ਮੰਤਰੀ ਬਲਬੀਰ ਸਿੱਧੂ ਨੇ ਘਰ ਦੇ ਬਾਹਰ ਲਿਖ ਕੇ ਲਗਾ ਦਿੱਤਾ ਸੀ ਕਿ ਕੋਰੋਨਾ ਖਤਮ ਹੋਣ ਤੱਕ ਕੋਈ ਪਬਲਿਕ ਮੀਟਿੰਗ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਰਾਵੀ ਇੰਟਰਨੈਸ਼ਨਲ ਬਾਰਡਰ ਕੋਲ ਹੈ ਪਰ ਕੇਂਦਰ ਤੇ ਆਰਮੀ ਇਜਾਜ਼ਤ ਨਹੀਂ ਦਿੰਦੀ ਹੈ। ਸਾਡੀ ਸਰਕਾਰ ਕਈ ਵਾਰ-ਵਾਰ ਪੱਤਰ ਲਿਖ ਚੁੱਕੀ ਹੈ ਪਰ ਕੋਈ ਰਿਸਪਾਂਸ ਨਹੀਂ ਹੈ। ਅੱਜ ਖੁਦ ਲੜਨ ਦੀ ਲੋੜ ਨਹੀਂ ਸਗੋਂ ਕੇਂਦਰ ਨੂੰ ਘੇਰਨ ਦੀ ਲੋੜ ਹੈ।