ਨਵੀਂ ਦਿੱਲੀ: ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ ਜਿਹਾ ਨਜ਼ਰ ਆ ਰਿਹਾ ਹੈ। ਦਿੱਲੀ, ਨੋਇਡਾ ਸਣੇ ਐੱਨਸੀਆਰ ਵਿੱਚ ਬੁੱਧਵਾਰ ਸ਼ਾਮ ਤੋਂ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਉੱਥੇ ਹੀ, ਪਹਾੜੀ ਸੂਬਿਆਂ ਅਤੇ ਦੱਖਣੀ ਭਾਰਤ ਦੇ ਕਈ ਸੂਬਿਆਂ ਵਿੱਚ ਬਾਰਿਸ਼ ਹੋ ਸਕਦੀ ਹੈ।

3-5°C ਤੱਕ ਡਿੱਗੇਗਾ ਤਾਪਮਾਨ

ਮੌਸਮ ਵਿਭਾਗ ਅਨੁਸਾਰ, ਅਗਲੇ ਤਿੰਨ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 3-5°C ਅਤੇ ਮੱਧ ਭਾਰਤ ਵਿੱਚ 2-4°C ਦੀ ਗਿਰਾਵਟ ਆਉਣ ਦੀ ਉਮੀਦ ਹੈ। ਇਸ ਨਾਲ ਉੱਤਰੀ ਭਾਰਤ ਵਿੱਚ ਠੰਢ ਵਧ ਸਕਦੀ ਹੈ। ਵਿਭਾਗ ਨੇ ਦੱਸਿਆ ਕਿ ਇਸ ਤੋਂ ਬਾਅਦ ਮੌਸਮ ਵਿੱਚ ਕੋਈ ਖਾਸ ਬਦਲਾਅ ਹੋਣ ਦੀ ਉਮੀਦ ਨਹੀਂ ਨਜ਼ਰ ਆ ਰਹੀ ਹੈ।

ਪਹਾੜੀ ਸੂਬਿਆਂ ਵਿੱਚ ਬਾਰਿਸ਼ ਅਤੇ ਬਰਫ਼ਬਾਰੀ ਦਾ ਅਲਰਟ

ਮੌਸਮ ਵਿਭਾਗ ਨੇ ਦੱਸਿਆ ਕਿ 7 ਨਵੰਬਰ ਤੱਕ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਗਰਜ਼ ਨਾਲ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਤਾਮਿਲਨਾਡੂ ਅਤੇ ਉੱਤਰੀ ਅੰਦਰੂਨੀ ਕਰਨਾਟਕ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀਰਵਾਰ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ।

ਇੱਥੇ ਵੀ ਪਵੇਗਾ ਮੀਂਹ

ਆਈਐੱਮਡੀ ਦੀ ਰਿਪੋਰਟ ਅਨੁਸਾਰ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਮਿਜ਼ੋਰਮ, ਨਾਗਾਲੈਂਡ, ਮਣੀਪੁਰ, ਤ੍ਰਿਪੁਰਾ, ਮਹਾਰਾਸ਼ਟਰ ਅਤੇ ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਖੇਤਰਾਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਬਾਰਿਸ਼ ਨਾਲ ਗਰਜ਼, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਤਾਮਿਲਨਾਡੂ ਅਤੇ ਕਰਨਾਟਕ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ।

ਰਾਜਸਥਾਨ ਵਿੱਚ ਵਧੇਗੀ ਠੰਢ

ਰਾਜਸਥਾਨ ਵਿੱਚ ਬਾਰਿਸ਼ ਅਤੇ 4 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਠੰਢ ਵਧਾ ਦਿੱਤੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਹਫ਼ਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਘੱਟੋ-ਘੱਟ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਰਾਤ ਅਤੇ ਸਵੇਰੇ ਦੇ ਸਮੇਂ ਠੰਡ ਵਧੇਗੀ ਅਤੇ ਕੁਝ ਇਲਾਕਿਆਂ ਵਿੱਚ ਹਲਕਾ ਧੁੰਦ ਵੀ ਛਾ ਸਕਦਾ ਹੈ। ਅਗਲੇ 7 ਦਿਨਾਂ ਤੱਕ ਧੁੱਪ ਖਿੜੀ ਰਹੇਗੀ, ਪਰ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਨਾਲ ਠੰਢ ਵਧ ਜਾਵੇਗੀ। ਰਾਜਸਥਾਨ ਦੇ ਉੱਤਰੀ ਜਿਲ੍ਹਿਆਂ ਜਿਵੇਂ ਸ਼੍ਰੀਗੰਗਾਨਗਰ, ਹਨੂਮਾਨਗੜ੍ਹ, ਬੀਕਾਨੇਰ ਅਤੇ ਨਾਗੌਰ ਵਿੱਚ ਤਾਪਮਾਨ ਵਿੱਚ ਸਭ ਤੋਂ ਵੱਧ ਗਿਰਾਵਟ ਵੇਖੀ ਜਾ ਸਕਦੀ ਹੈ।

ਉੱਤਰਾਖੰਡ ਵਿੱਚ ਬਰਫ਼ਬਾਰੀ

ਉੱਥੇ ਹੀ, ਚਮੋਲੀ ਅਤੇ ਰੁਦਰਪ੍ਰਿਆਗ ਜਿਲ੍ਹਿਆਂ ਵਿੱਚ ਬੁੱਧਵਾਰ ਸ਼ਾਮ ਨੂੰ ਮੌਸਮ ਨੇ ਕਰਵਟ ਲਈ ਅਤੇ ਬਦਰੀਨਾਥ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਕੁਝ ਥਾਵਾਂ ਤੇ ਬਾਰਿਸ਼ ਕਾਰਨ ਠੰਡ ਵਧ ਗਈ ਹੈ। ਬਦਰੀਨਾਥ ਵਿੱਚ ਮੰਗਲਵਾਰ ਨੂੰ ਵੀ ਹਲਕੀ ਬਰਫ਼ਬਾਰੀ ਹੋਈ ਸੀ ਅਤੇ ਬੁੱਧਵਾਰ ਨੂੰ ਵੀ ਉੱਥੇ ਅਸਮਾਨ ਵਿੱਚ ਬੱਦਲ ਛਾਏ ਰਹੇ। ਸ਼ਾਮ ਦੇ ਸਮੇਂ ਬਦਰੀਨਾਥ ਵਿੱਚ ਹਲਕੀ ਬਾਰਿਸ਼ ਹੋਈ, ਜਦਕਿ ਆਲੇ-ਦੁਆਲੇ ਦੀਆਂ ਚੋਟੀਆਂ ਤੇ ਫਿਰ ਹਲਕੀ ਬਰਫ਼ਬਾਰੀ ਸ਼ੁਰੂ ਹੋ ਗਈ। ਬਦਰੀਨਾਥ ਕੇਦਾਰਨਾਥ ਦੀਆਂ ਉੱਚੀਆਂ ਚੋਟੀਆਂ ਤੇ ਬਰਫ਼ਬਾਰੀ ਹੋ ਰਹੀ ਹੈ, ਜਦਕਿ ਬਦਰੀਨਾਥ ਵਿੱਚ ਹਲਕੀ ਬੂੰਦਾਬਾਂਦੀ ਜਾਰੀ ਹੈ।