ਮੈਡਰਿਡ: ਭਾਰਤੀ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਹਮਵਤਨ ਬੀ ਸਾਈ ਪ੍ਰਣੀਤ ਨੂੰ ਸਿੱਧੇ ਗੇਮ ਵਿੱਚ ਹਰਾ ਕੇ ਵੀਰਵਾਰ ਨੂੰ ਇੱਥੇ ਮੈਡਰਿਡ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ-ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਉਧਰ ਪੀਵੀ ਸਿੰਧੂ ਵੀ ਇੰਡੋਨੇਸ਼ੀਆ ਦੀ ਪੀਕੇ ਵਰਦਾਨੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਅਗਲੇ ਗੇੜ ’ਚ ਦਾਖ਼ਲ ਹੋ ਗਈ ਹੈ। ਵਿਸ਼ਵ ਰੈਂਕਿੰਗ ਵਿੱਚ 21ਵੇਂ ਸਥਾਨ ’ਤੇ ਕਾਬਜ਼ ਸ੍ਰੀਕਾਂਤ ਨੇ ਦੂਜੇ ਗੇੜ ਦੇ ਮੈਚ ਵਿੱਚ 49ਵੀਂ ਰੈਂਕਿੰਗ ਦੇ ਖਿਡਾਰੀ ਨੂੰ 21-15, 21-12 ਨਾਲ ਹਰਾਇਆ। ਹਾਲਾਂਕਿ ਸ੍ਰੀਕਾਂਤ ਦੇ ਸਾਹਮਣੇ ਕੁਆਰਟਰ-ਫਾਈਨਲ ਵਿੱਚ ਸਾਬਕਾ ਵਿਸ਼ਵ ਨੰਬਰ ਇੱਕ ਖਿਡਾਰੀ ਜਾਪਾਨ ਦੇ ਕੇਂਟਾ ਨਿਸ਼ਮੋਤੋ ਦੀ ਸਖ਼ਤ ਚੁਣੌਤੀ ਹੈ। ਨਿਸ਼ਮੋਤੋ ਨੂੰ ਦੂਜੇ ਗੇੜ ਦੇ ਮੈਚ ਵਿੱਚ ਫਰਾਂਸ ਦੇ ਅਰਨੌਂਦ ਮਰਕਲ ਨੇ ਵਾਕਓਵਰ ਦੇ ਦਿੱਤਾ।














