ਮੈਕਸਿਕੋ ਸਿਟੀ : ਮੈਕਸਿਕੋ ਦੇ ਗੁਆਟੇਮਾਲਾ ਦੀ ਸਰਹੱਦ ਨੇੜੇ ਟਰੱਕ ’ਤੇ ਸੈਨਿਕਾਂ ਦੀ ਗੋਲੀਬਾਰੀ ਵਿੱਚ ਛੇ ਪਰਵਾਸੀਆਂ ਦੀ ਮੌਤ ਹੋ ਗਈ। ਫੌਜੀਆਂ ਨੇ ਤੇਜ਼ ਰਫ਼ਤਾਰ ਟਰੱਕ ’ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਭਾਰਤ ਸਣੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਇਹ ਪਰਵਾਸੀ ਸਵਾਰ ਸਨ। ਵਿਭਾਗ ਦੇ ਬਿਆਨ ਮੁਤਾਬਕ ਸੈਨਿਕਾਂ ਨੇ ਦਾਅਵਾ ਕੀਤਾ ਕਿ ਜਦੋਂ ਦੇਰ ਰਾਤ ਟਰੱਕ ਅਤੇ ਦੋ ਹੋਰ ਵਾਹਨ ਦੱਖਣੀ ਸੂਬੇ ਚੀਆਪਾਸ ਵਿੱਚ ਹੂਈਕਸਟਲਾ ਸ਼ਹਿਰ ਨੇੜੇ ਉਨ੍ਹਾਂ ਦੀ ਤਾਇਨਾਤੀ ਵਾਲੀ ਜਗ੍ਹਾ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ। ਟਰੱਕ ਭਾਰਤ, ਮਿਸਰ, ਨੇਪਾਲ, ਕਿਊਬਾ, ਪਾਕਿਸਤਾਨ ਤੇ ਇਕ ਹੋਰ ਦੇਸ਼ ਨਾਲ ਸਬੰਧਤ ਪਰਵਾਸੀਆਂ ਨੂੰ ਲੈ ਕੇ ਜਾ ਰਿਹਾ ਸੀ, ਜਿਸ ’ਤੇ ਦੋ ਸੈਨਿਕਾਂ ਨੇ ਗੋਲੀਆਂ ਚਲਾਈਆਂ। ਸੈਨਿਕ ਜਦੋਂ ਟਰੱਕ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਚਾਰ ਪਰਵਾਸੀਆਂ ਨੂੰ ਮ੍ਰਿਤ ਪਾਇਆ, ਜਦਕਿ 12 ਹੋਰ ਪਰਵਾਸੀ ਜ਼ਖ਼ਮੀ ਸਨ। ਬਾਅਦ ਵਿੱਚ ਜ਼ਖ਼ਮੀਆਂ ’ਚੋਂ ਦੋ ਹੋਰ ਪਰਵਾਸੀਆਂ ਦੀ ਮੌਤ ਹੋ ਗਈ। ਟਰੱਕ ਵਿੱਚ ਸਵਾਰ 17 ਹੋਰ ਪਰਵਾਸੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਟਰੱਕ ਵਿੱਚ ਕੁੱਲ 33 ਪਰਵਾਸੀ ਸਵਾਰ ਸਨ। ਆਮ ਤੌਰ ’ਤੇ ਇਸੇ ਇਲਾਕੇ ਤੋਂ ਪਰਵਾਸੀਆਂ ਦੀ ਤਸਕਰੀ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਅਕਸਰ ਮਾਲ ਢੋਣ ਵਾਲੇ ਟਰੱਕਾਂ ਵਿੱਚ ਭਰ ਕੇ ਲਿਜਾਇਆ ਜਾਂਦਾ ਹੈ।ਵਿਭਾਗ ਦਾ ਕਹਿਣਾ ਹੈ ਕਿ ਟਰੱਕ ’ਤੇ ਗੋਲੀਬਾਰੀ ਕਰਨ ਵਾਲੇ ਦੋ ਸੈਨਿਕਾਂ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।