ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿਲਾ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ। ਕੇਸ ਦੀ ਸੁਣਵਾਈ ਅਦਾਲਤੀ ਕੰਪਲੈਕਸ ਵਿਚ ਕੋਰਟ ਨੰਬਰ 7 ਵਿੱਚ ਚੱਲ ਰਹੀ ਹੈ। ਅਦਾਕਾਰਾ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਕੋਰਟ ਤੱਕ ਲਿਆਂਦਾ ਗਿਆ।
ਸੁਰੱਖਿਆ ਕਾਰਨਾਂ ਕਰਕੇ ਕੋਰਟ ਕੰਪਲੈਕਸ ਦੇ ਅੰਦਰ ਤੇ ਬਾਹਰ ਸਖ਼ਤ ਘੇਰਾਬੰਦੀ ਸੀ। ਸੂਤਰਾਂ ਅਨੁਸਾਰ ਕੰਗਨਾ ਰਣੌਤ ਆਪਣੇ ਵਕੀਲਾਂ ਦੇ ਪੈਨਲ ਨਾਲ ਕੋਰਟ ਵਿਚ ਪੁੱਜੀ। ਅਦਾਕਾਰਾ ਦੀ ਪੇਸ਼ੀ ਦੇ ਮੱਦੇਨਜ਼ਰ ਕੋਰਟ ਕੰਪਲੈਕਸ ਅਤੇ ਆਸ-ਪਾਸ ਦੇ ਖੇਤਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉੱਚ ਪੁਲੀਸ ਅਧਿਕਾਰੀ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ਜਦਕਿ ਭੀੜ ਇਕੱਠੀ ਹੋਣ ਦੀ ਸੰਭਾਵਨਾ ਕਾਰਨ ਕੋਰਟ ਦੇ ਦਾਖ਼ਲਾ ਦੁਆਰ ’ਤੇ ਸਖ਼ਤ ਪਾਬੰਦੀ ਲਗਾਈ ਗਈ।
ਬਠਿੰਡਾ ਕੋਰਟ ਨੇ ਕੰਗਨਾ ਰਣੌਤ ਨੂੰ ਅੱਜ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਸਖ਼ਤ ਹੁਕਮ ਜਾਰੀ ਕੀਤੇ ਸਨ, ਕਿਉਂਕਿ ਪਿਛਲੀ ਸੁਣਵਾਈ ਦੌਰਾਨ ਵੀ ਅਦਾਕਾਰਾ ਪੇਸ਼ ਨਹੀਂ ਹੋਈ ਸੀ। ਕੰਗਨਾ ਦੇ ਵਕੀਲਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦੀ ਅਰਜ਼ੀ ਦਿੱਤੀ ਸੀ, ਪਰ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਇਸ ਦਾ ਵਿਰੋਧ ਕੀਤਾ ਸੀ।
ਯਾਦ ਰਹੇ ਕਿ 12 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਕੰਗਨਾ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਬਠਿੰਡਾ ਕੋਰਟ ਵਿਚ ਦਾਇਰ ਕੇਸ ਦੀ ਸੁਣਵਾਈ ਲਈ ਰਾਹ ਪੱਧਰਾ ਹੋ ਗਿਆ ਸੀ।














