ਬੀਜਿੰਗ: ਚੀਨ ਦੀ ਬੀਜਿੰਗ ਫੌਰਨ ਸਟੱਡੀਜ਼ ਯੂਨੀਵਰਸਿਟੀ (BFSU) ਨੇ ਆਪਣੀਆਂ ਵਿਦੇਸ਼ੀ ਅਤੇ ਭਾਰਤੀ ਭਾਸ਼ਾਵਾਂ ਦੀ ਸੂਚੀ ਵਿੱਚ ‘ਪੰਜਾਬੀ’ ਭਾਸ਼ਾ ਨੂੰ ਸ਼ਾਮਲ ਕਰ ਲਿਆ ਹੈ। ਬੀਜਿੰਗ ਫੌਰਨ ਸਟੱਡੀਜ਼ ਯੂਨੀਵਰਸਿਟੀ (BFSU) ਨੇ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਸਕੂਲ ਆਫ਼ ਲੈਂਗੂਏਜ, ਲਿਟਰੇਚਰ ਐਂਡ ਕਲਚਰ ਦੀ ਸਾਬਕਾ ਡੀਨ ਅਤੇ ਪ੍ਰੋਫੈਸਰ, ਪ੍ਰੋ. ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ ਨਿਯੁਕਤ ਕੀਤਾ ਹੈ। ਪ੍ਰੋ. ਕੌਰ ਨੇ ਦੱਸਿਆ ਕਿ ਭਾਸ਼ਾ ਸਿਖਾਉਣ ਤੋਂ ਇਲਾਵਾ, ਉਹ ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਦੀਆਂ ਕਲਾਸਾਂ ਵੀ ਲੈਣਗੇ ਅਤੇ ਚੀਨੀ ਅਧਿਆਪਕਾਂ ਨੂੰ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਸਿਖਲਾਈ ਦੇਣਗੇ।

BFSU ਵਰਤਮਾਨ ਵਿੱਚ ਹਿੰਦੀ, ਤਮਿਲ ਅਤੇ ਉਰਦੂ ਸਮੇਤ 101 ਭਾਸ਼ਾਵਾਂ ਵਿੱਚ ਅਧਿਆਪਨ ਪ੍ਰੋਗਰਾਮ ਚਲਾ ਰਹੀ ਹੈ। ਹੁਣ ਇਸ ਸੂਚੀ ਵਿੱਚ ਪੰਜਾਬੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ, ਜਿਸ ਨਾਲ ਇਹ 102 ਭਾਸ਼ਾਵਾਂ ਵਾਲਾ ਕੋਰਸ ਬਣ ਗਿਆ ਹੈ। ਇਹ ਵਿਦੇਸ਼ੀ ਭਾਸ਼ਾਵਾਂ ਜ਼ਿਆਦਾਤਰ ਚੀਨੀ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਪੜ੍ਹਾਈਆਂ ਜਾਂਦੀਆਂ ਹਨ ਜੋ ਵਿਦੇਸ਼ੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਹਨ।