ਮਹਾਰਾਸ਼ਟਰ ਦੇ ਪਾਲਘਰ ਸਥਿਤ ਇੱਕ ਕਬਾਇਲੀ ਰਿਹਾਇਸ਼ੀ ਸਕੂਲ ਵਿੱਚ ਤੇਜ਼ ਬੁਖ਼ਾਰ ਕਾਰਨ 7 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ, ਜ਼ੁਕਾਮ, ਖੰਘ ਅਤੇ ਬੁਖ਼ਾਰ ਦੇ ਲੱਛਣਾਂ ਵਾਲੇ 30 ਵਿਦਿਆਰਥੀਆਂ ਨੂੰ ਸਾਵਧਾਨੀ ਵਜੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਾਲਘਰ ਦੀ ਸਰਹੱਦ ਗੁਜਰਾਤ ਨਾਲ ਲੱਗਦੀ ਹੋਣ ਕਾਰਨ, ਚੰਡੀਪੁਰਾ ਵਾਇਰਸ ਬੁਖ਼ਾਰ ਨੂੰ ਲੈ ਕੇ ਵੀ ਖਦਸ਼ਾ ਬਣਿਆ ਹੋਇਆ ਹੈ।
ਹਾਲਾਂਕਿ, ਸਿਹਤ ਵਿਭਾਗ ਨੇ ਅਜੇ ਤੱਕ ਚਾਂਦੀਪੁਰਾ ਵਾਇਰਸ ਕਾਰਨ ਹੋਈ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਪਾਲਘਰ ਜ਼ਿਲ੍ਹੇ ਦੇ ਮਾਸਵਾਨ ਰਿਹਾਇਸ਼ੀ ਸਕੂਲ ਦੇ ਪਹਿਲੀ ਜਮਾਤ ਦੇ ਵਿਦਿਆਰਥੀ, ਸ਼੍ਰੇਯਾਂਸ਼ ਸ਼ੈਲੇਸ਼ ਅੰਬਾਤ ਨੂੰ ਬੁਖ਼ਾਰ ਹੋਣ ਤੋਂ ਬਾਅਦ 24 ਅਗਸਤ ਨੂੰ ਮੁੱਢਲੇ ਸਿਹਤ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ। ਸੋਮਵਾਰ ਨੂੰ, ਤੇਜ਼ ਬੁਖਾਰ ਅਤੇ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਤੋਂ ਬਾਅਦ, ਉਸਨੂੰ ਮਨੋਰ ਦੇ ਜ਼ਿਲ੍ਹਾ ਪੇਂਡੂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਚਾਂਦੀਪੁਰਾ ਵਾਇਰਸ ਕਿੰਨਾ ਖਤਰਨਾਕ ਹੈ?
ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਚਾਂਦੀਪੁਰਾ ਵਾਇਰਸ (CHPV) ‘ਰੈਬਡੋਵਿਰੀਡੇ’ (Rhabdoviridae) ਪਰਿਵਾਰ ਨਾਲ ਸਬੰਧਿਤ ਇੱਕ ਵਾਇਰਸ ਹੈ। ਇਹ ਖਾਸ ਤੌਰ ‘ਤੇ ਬੱਚਿਆਂ ਵਿੱਚ ‘ਐਕਿਊਟ ਐਨਸੇਫਲਾਈਟਿਸ ਸਿੰਡਰੋਮ’ (AES) ਨਾਲ ਜੁੜਿਆ ਹੋਇਆ ਹੈ।
ਇਹ ਵਾਇਰਸ ਕਈ ਵਾਹਕਾਂ ਰਾਹੀਂ ਫੈਲਦਾ ਹੈ, ਜਿਨ੍ਹਾਂ ਵਿੱਚ ਰੇਤ-ਮੱਖੀਆਂ (sandflies), ਮੱਛਰ ਅਤੇ ਚਿੱਚੜ ਸ਼ਾਮਿਲ ਹਨ। ਗੁਜਰਾਤ ਵਿੱਚ, ਰੇਤ-ਮੱਖੀ ‘ਫਲੇਬੋਟੋਮਸ ਪਾਪਾਟਾਸੀ’ (Phlebotomus papatasi) ਨੂੰ ਇਸ ਵਾਇਰਸ ਦੀ ਵਾਹਕ ਵਜੋਂ ਦਰਜ ਕੀਤਾ ਗਿਆ ਹੈ।
ਇਹ ਬਿਮਾਰੀ ਬੁਖ਼ਾਰ ਨਾਲ ਸ਼ੁਰੂ ਹੋ ਸਕਦੀ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਦੌਰੇ ਪੈ ਸਕਦੇ ਹਨ ਅਤੇ ਉਹ ਕੋਮਾ ਵਿੱਚ ਜਾ ਸਕਦਾ ਹੈ। ਗੰਭੀਰ ਮਾਮਲਿਆਂ ਵਿੱਚ ਮੌਤ ਵੀ ਹੋ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ, ਭਾਰਤ ਵਿੱਚ ਚਾਂਦੀਪੁਰਾ ਵਾਇਰਸ ਦੇ ਪਿਛਲੇ ਪ੍ਰਕੋਪਾਂ ਦੌਰਾਨ ਮੌਤ ਦਰ 56 ਤੋਂ 75 ਫੀਸਦੀ ਰਹੀ ਹੈ।














