ਮੁੰਬਈ:ਬਿੱਗ ਬੌਸ ਸੀਜ਼ਨ-14 ਦੀ ਸਨਸਨੀਖੇਜ਼ ਮੁਕਾਬਲੇਬਾਜ਼ ਜੈਸਮੀਨ ਭਸੀਨ ਨੇ ਹਾਲ ਹੀ ਵਿੱਚ ਪੰਜਾਬੀ ਗਾਇਕ ਮਨਿੰਦਰ ਬੁੱਟਰ ਨਾਲ ਗੀਤ ‘ਪਾਣੀ ਦੀ ਗੱਲ’ ਦਾ ਵੀਡੀਓ ਮੁਕੰਮਲ ਕੀਤਾ ਹੈ। ਇਹ ਰੋਮਾਂਚਕ ਗੀਤ ਬੁੱਟਰ ਦੀ ਪਲੇਠੀ ਐਲਬਮ ‘ਜੁਗਨੀ’ ਵਿਚੋਂ ਹੈ। ਇਸ ਗਾਣੇ ’ਚ ਅਸੀਸ ਕੌਰ ਦੇ ਵੀ ਬੋਲ ਹਨ ਤੇ ਇਸ ਨੂੰ ਬੁੱਟਰ ਨੇ ਲਿਖਿਆ ਹੈ। ਇਸ ਗੀਤ ਨੂੰ ਮਿਕਸ ਸਿੰਘ ਨੇ ਸੰਗੀਤ ਦਿੱਤਾ ਹੈ। ਜੈਸਮੀਨ ਨੇ ਆਖਿਆ,‘‘ਪਾਣੀ ਦੀ ਗੱਲ, ਦੀ ਸ਼ੂਟਿੰਗ ਦਾ ਤਜਰਬਾ ਬੇਹੱਦ ਸ਼ਾਨਦਾਰ ਸੀ। ਅਸੀਂ ਪੇੇਸ਼ੇਵਰ ਇਕਾਈ ਵਾਂਗ ਸੀ ਜਿਸ ਕਾਰਨ ਇਹ ਬਹੁਤ ਚੰਗਾ ਰਿਹਾ। ਅਸੀਂ ਸੈੱਟ ’ਤੇ ਬਹੁਤ ਮਸਤੀ ਕੀਤੀ ਅਤੇ ਮਸਾਂ ਹੀ ਲੱਗਦਾ ਸੀ ਕਿ ਇਹ ਕੰਮ ਹੈ। ਇਹ ਗੀਤ ਬਹੁਤ ਵਧੀਆ ਹੈ ਅਤੇ ਮੈਨੂੰ ਮਨਿੰਦਰ ਨਾਲ ਕੰਮ ਕਰਕੇ ਚੰਗਾ ਲੱਗਿਆ। ਉਹ ਬਹੁਤ ਪਿਆਰਾ, ਜ਼ਮੀਨ ਨਾਲ ਜੁੜਿਆ, ਸਮਝਦਾਰ ਅਤੇ ਲਾਜਵਾਬ ਫ਼ਨ ਦਾ ਮੁਜ਼ਾਹਰਾ ਕਰਨ ਵਾਲਾ ਹੈ।’’ ਬੁੱਟਰ ਨੇ ਆਖਿਆ,‘‘ਜੈਸਮੀਨ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਚੰਗਾ ਰਿਹਾ। ਉਹ ਸੋਹਣੀ ਪੰਜਾਬੀ ਕੁੜੀ ਹੈ। ਸ਼ੂਟਿੰਗ ਦੌਰਾਨ ਜਦੋਂ ਜੈਸਮੀਨ ਮੈਨੂੰ ਕਹਿੰਦੀ ਹੈ,‘‘ਤੂੰ ਇੰਜ ਕਿਉਂ ਬੋਲਿਆ’’ ਇਕ ਯਾਦਗਾਰ ਪਲ ਸੀ। ‘ਪਾਣੀ ਦੀ ਗੱਲ’ ਗੀਤ ਮੈਂ ਕਾਫੀ ਸਮਾਂ ਪਹਿਲਾਂ ਲਿਖਿਆ ਸੀ ਅਤੇ ਹੁਣ ਮੈਂ ਇਸ ਨੂੰ ਰਿਲੀਜ਼ ਕਰਨ ਬਾਰੇ ਸੋਚ ਰਿਹਾ ਹਾਂ।’’