ਬਾਤੁਮੀ— ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਮੰਗਲਵਾਰ ਨੂੰ ਇੱਥੇ 43ਵੇਂ ਸ਼ਤਰੰਜ ਓਲੰਪੀਆਡ ‘ਚ ਇਕ ਤਰਫਾ ਜਿੱਤ ਦਰਜ ਕੀਤੀ। ਮਹਿਲਾ ਟੀਮ ਨੇ ਨਿਊਜ਼ੀਲੈਂਡ ਨੂੰ 4-0 ਨਾਲ ਜਦਕਿ ਪੁਰਸ਼ਾਂ ਦੀ ਟੀਮ ਨੇ ਅਲ ਸਾਲਵਾਡੋਰ ਨੂੰ 3.5-0.5 ਨਾਲ ਹਰਾਇਆ। ਮਹਿਲਾਵਾਂ ‘ਚ ਤਾਨੀਆ ਸਚਦੇਵ, ਕੋਨੇਰੂ ਹੰਪੀ, ਈਸ਼ਾ ਕਾਰਵਾਡੇ ਅਤੇ ਪਦਮਿਨੀ ਰਾਊਤ ਨੇ ਜਿੱਤ ਦਰਜ ਕੀਤੀ।
ਭਾਰਤੀ ਪੁਰਸ਼ ਟੀਮ ਨੇ ਪਹਿਲੇ ਮੈਚ ‘ਚ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਆਰਾਮ ਦਿੱਤਾ ਸੀ। ਪੀ. ਹਰੀਕ੍ਰਿਸ਼ਣਾ, ਵਿਦਿਤ ਗੁਜਰਾਤੀ ਅਤੇ ਬੀ ਅਧੀਬਾਨ ਨੇ ਆਪਣੇ- ਆਪਣੇ ਮੁਕਾਬਲੇ ਆਸਾਨੀ ਨਾਲ ਜਿੱਤੇ ਜਦਕਿ ਸ਼ਸ਼ੀਕਰਨ ਨੂੰ ਡਰਾਅ ਨਾਲ ਸੰਤੁਸ਼ਟ ਹੋਣਾ ਪਿਆ। ਦੋਹਾਂ ਵਰਗਾਂ ਦੀਆਂ ਭਾਰਤੀ ਟੀਮਾਂ ਨੂੰ ਇਸ ਜਿੱਤ ਲਈ 2-2 ਅੰਕ ਮਿਲੇ। ਟੂਰਨਾਮੈਂਟ ਦੇ ਦਾਅਵੇਦਾਰਾਂ ‘ਚ ਅਮਰੀਕਾ ਅਤੇ ਰੂਸ ਨੇ ਵੀ ਆਪਣੇ-ਆਪਣੇ ਪਹਿਲੇ ਮੁਕਾਬਲਿਆਂ ਨੂੰ 4-0 ਨਾਲ ਜਿੱਤਿਆ ਜਦਕਿ ਤੀਜਾ ਦਰਜਾ ਪ੍ਰਾਪਤ ਚੀਨ ਨੇ 3-1 ਨਾਲ ਜਿੱਤ ਦਰਜ ਕੀਤੀ।













