ਨਵੀਂ ਦਿੱਲੀ:ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਜੋ ਛੇਤੀ ਹੀ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਬਣਨ ਜਾ ਰਹੇ ਹਨ, ਬੋਰਡ ਦੇ ਪੱਖਪਾਤੀ ਰਵੱਈਏ ਤੋਂ ਪ੍ਰੇਸ਼ਾਨ ਹਨ ਅਤੇ ਕਥਿਤ ਤੌਰ ’ਤੇ ਨਿਰਾਸ਼ਾਜਨਕ’ ਤਰੀਕੇ ਨਾਲ ਆਪਣਾ ਕਾਰਜਕਾਲ ਸਮਾਪਤ ਕਰ ਰਹੇ ਹਨ। ਬੀਸੀਸੀਆਈ ਦੇ ਸਾਲਾਨਾ ਇਜਲਾਸ ਅਤੇ 18 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਗਾਂਗੁਲੀ ਅਤੇ ਜੁਆਇੰਟ ਸਕੱਤਰ ਜਯੇਸ਼ ਜੌਰਜ ਨੂੰ ਛੱਡ ਕੇ ਜ਼ਿਆਦਾਤਰ ਮੈਂਬਰ ਨਵੀਂ ਟੀਮ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਭਾਰਤ ਦੇ ਸਾਬਕਾ ਹਰਫਨਮੌਲਾ ਖਿਡਾਰੀ ਰੋਜਰ ਬਿੰਨੀ ਨੇ ਮੰਗਲਵਾਰ ਨੂੰ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ ਅਤੇ ਉਨ੍ਹਾਂ ਦੇ ਬਿਨਾਂ ਵਿਰੋਧ ਚੁਣੇ ਜਾਣ ਦੀ ਸੰਭਾਵਨਾ ਹੈ। ਕ੍ਰਿਕਬਜ਼ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਮ ਰਵਾਇਤ ਹੈ ਕਿ ਮੌਜੂਦਾ ਬੀਸੀਸੀਆਈ ਪ੍ਰਧਾਨ ਆਗਾਮੀ ਬੋਰਡ ਮੁਖੀ ਦਾ ਨਾਮ ਤਜਵੀਜ਼ ਕਰਦਾ ਹੈ ਪਰ ਗਾਂਗੁਲੀ ਨੇ ਬਿੰਨੀ ਨਾਲ ਅਜਿਹਾ ਨਹੀਂ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਾਂਗੁਲੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਉਮੀਦ ਅਨੁਸਾਰ ਨਹੀਂ ਰਹੀ। ਇਹ ਵੀ ਪਤਾ ਲੱਗਿਆ ਹੈ ਕਿ ਗਾਂਗੁਲੀ ਨੂੰ ਆਈਪੀਐਲ ਚੇਅਰਮੈਨ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਸਾਬਕਾ ਖਿਡਾਰੀ ਨੇ ਇਸ ਨੂੰ ਠੁਕਰਾ ਦਿੱਤਾ ਸੀ।