ਮੁੰਬਈ: ਫਿਲਮਸਾਜ਼ ਕਰਨ ਜੌਹਰ ਨੇ ਇੰਸਟਾਗ੍ਰਾਮ ’ਤੇ ਐਲਾਨ ਕੀਤਾ ਹੈ ਕਿ ਉਸਦੇ ਹੋਮ ਪ੍ਰੋਡਕਸ਼ਨ ’ਚ ਬਣੀ ਫਿਲਮ ‘ਮੀਨਾਕਸ਼ੀ ਸੁੰਦਰੇਸ਼ਵਰ’ 5 ਨਵੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਤਾਮਿਲਨਾਡੂ ਦੇ ਮਦੁਰਈ ’ਚ ਬਣੀ ਇਸ ਰੋਮਾਂਟਿਕ ਕਾਮੇਡੀ ’ਚ ਸਾਨਿਆ ਮਲਹੋਤਰਾ ਤੇ ਅਭਿਮੰਨਿਊ ਦਾਸਾਨੀ ਨੇ ਕੰਮ ਕੀਤਾ ਹੈ। ਇਸ ਫਿਲਮ ਦੀ ਕਹਾਣੀ ਮੀਨਾਕਸ਼ੀ ਤੇ ਸੁੰਦਰੇਸ਼ਵਰ ਦੇ ਸਾਹਮਣੇ ਆਈਆਂ ਚੁਣੌਤੀਆਂ ਤੇ ਦੁੱਖਾਂ ਨੂੰ ਬਿਆਨ ਕਰਦੀ ਹੈ। ਕਰਨ ਜੌਹਰ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਕੇ ਦਿੱਤੀ ਹੈ। ਫਿਲਮ ਨਿਰਮਾਤਾ ਨੇ ਫਿਲਮ ਦੇ ਪੋਸਟਰ ਨਾਲ ਲਿਖਿਆ,‘‘ ਇਸ ਤਿਉਹਾਰ ਦੇ ਸੀਜ਼ਨ ਵਿੱਚ ਇਸ ਅਨੋਖੀ ਅਤੇ ਬਹੁਤ ਹੀ ਪਿਆਰੀ ਪ੍ਰੇਮ ਕਹਾਣੀ ਨੂੰ ਦੇਖਣ ਲਈ ਤਿਆਰ ਰਹੋ!’’