ਪਟਿਆਲਾ, ਪੰਜਾਬ ਵਿੱਚ ਕੋਲੇ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ| ਕਈ ਦਿਨਾਂ ਤੋਂ ਕੋਲੇ ਦੀ ਤੋਟ ਕਾਰਨ ਪ੍ਰਾਈਵੇਟ ਥਰਮਲ ਪਲਾਂਟ ਆਪਣੇ ਯੂਨਿਟ ਬੰਦ ਕਰਨ ਲਈ ਮਜਬੂਰ ਹੋ ਰਹੇ ਹਨ, ਜਦੋਂ ਕਿ ਸਰਕਾਰੀ ਥਰਮਲ ਪਲਾਂਟਾਂ ਕੋਲ ਵੀ ਕੋਲੇ ਦਾ ਭੰਡਾਰ ਆਏ ਦਿਨ ਮਨਫ਼ੀ ਹੋ ਰਿਹਾ ਹੈ| ਹਾਲਾਤ ਅਜਿਹੇ ਬਣੇ ਹੋਏ ਹਨ ਕਿ ਸਰਕਾਰੀ ਤੇ ਪ੍ਰਾਈਵੇਟ ਦੋਵੇਂ ਥਰਮਲਾਂ ਨੂੰ ਬਹੁਤ ਘੱਟ ਸਮੱਰਥਾ ‘ਤੇ ਭਖਾ ਕੇ ਵਕਤ ਕੱਢਿਆ ਜਾ ਰਿਹਾ ਹੈ।
ਦੋ ਕੁ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਕੋਲੇ ਦੀਆਂ ਕਈ ਖਾਣਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ, ਉਥੇ ਹੀ ਵਿਦੇਸ਼ਾਂ ਤੋਂ ਮੰਗਵਾਏ ਜਾਣ ਵਾਲੇ ਕੋਲੇ ਤੋਂ ਵੀ ਹੱਥ ਖਿੱਚ ਲਿਆ ਸੀ| ਹੁਣ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਜੇ ਢੁਕਵੇਂ ਸਮੇਂ ‘ਤੇ ਕੋਲੇ ਦਾ ਬੰਦੋਬਸਤ ਨਾ ਹੋਇਆ ਤਾਂ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ ਹਨ| ਸੂਬੇ ਦੇ ਪ੍ਰਾਈਵੇਟ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਨੂੰ ਕੋਲੇ ਦੀ ਤੋਟ ਕਾਰਨ ਲੰਘੇ ਦਿਨੀਂ ਆਪਣਾ ਇਕ ਯੂਨਿਟ ਬੰਦ ਕਰਨਾ ਪਿਆ। ਇਸ ਪਲਾਂਟ ਵਿੱਚ ਇਸ ਵੇਲੇ ਇਕ ਹੀ ਯੂਨਿਟ ਕਾਰਜਸ਼ੀਲ ਹੈ ਤੇ ਉਸ ਨੂੰ ਵੀ ਇਕ ਚੌਥਾਈ ਹਿੱਸੇ ਦੇ ਲੋਡ ‘ਤੇ ਹੀ ਚਲਾਇਆ ਹੋਇਆ ਹੈ| ਇਸ ਪਲਾਂਟ ਦੀ ਬਿਜਲੀ ਪੈਦਾ ਕਰਨ ਦੀ ਸਮੱਰਥਾ ਭਾਵੇਂ 1320 ਮੈਗਾਵਾਟ ਹੈ ਪਰ ਕੋਲੇ ਨੂੰ ਭਾਂਪਦਿਆਂ ਸਿਰਫ਼ 330 ਮੈਗਾਵਾਟ ਲੋਡ ‘ਤੇ ਹੀ ਰੱਖਿਆ ਹੋਇਆ ਹੈ| ਇਸ ਪਲਾਂਟ ਕੋਲ ਕੋਲਾ ਸਿਰਫ਼ ਇਕ ਦਿਨ ਦਾ ਹੀ ਬਾਕੀ ਹੈ| ਤਲਵੰਡੀ ਸਾਬੋ ਪਲਾਂਟ ਕੋਲ ਕੋਲੇ ਦਾ ਭੰਡਾਰ ਵੀ ਮਹਿਜ਼ ਦੋ ਦਿਨ ਦਾ ਬਚਿਆ ਹੈ| ਕੋਲੇ ਦੀ ਕਮੀ ਕਾਰਨ ਇਸ ਪਲਾਂਟ ਦੀਆਂ ਯੂਨਿਟਾਂ ਨੂੰ ਵੀ ਕਾਫ਼ੀ ਘੱਟ ਲੋਡ ‘ਤੇ ਕਰ ਦਿੱਤਾ ਗਿਆ ਹੈ| ਇਸ ਪਲਾਂਟ ਦੀ ਪੈਦਾਵਾਰ ਸਮਰੱਥਾ1843 ਦੇ ਮੁਕਾਬਲੇ 1250 ਮੈਗਾਵਾਟ ‘ਤੇ ਕੀਤੀ ਗਈ ਹੈ, ਜਦੋਂ ਕਿ ਕੋਲੇ ਨੂੰ ਭਾਂਪਦਿਆਂ ਗੋਇੰਦਵਾਲ ਸਾਹਿਬ ਪਲਾਂਟ ਨੂੰ ਵੀ ਅੱਧੇ ਤੋਂ ਵੱਧ ਲੋਡ ‘ਤੇ ਕਰ ਦਿੱਤਾ ਗਿਆ ਹੈ| ਇਸ ਪਲਾਂਟ ਕੋਲ ਸਿਰਫ਼ ਛੇ ਦਿਨ ਦਾ ਕੋਲਾ ਬਚਿਆ ਹੈ| ਲਹਿਰਾ ਮੁਹੱਬਤ ਪਲਾਂਟ ਕੋਲ 4 ਦਿਨ ਤੇ ਰੋਪੜ ਸੁਪਰ ਥਰਮਲ ਪਲਾਂਟ ਕੋਲ 10 ਦਿਨ ਦਾ ਹੀ ਕੋਲਾ ਬਚਿਆ ਹੈ| ਕੋਲ ਸੰਕਟ ਕਾਰਨ ਪਾਵਰਕੌਮ ਵੱਲੋਂ ਦੋਵੇਂ ਪਲਾਂਟਾਂ ਨੂੰ ਅਸਲੋਂ ਹੀ ਘੱਟ ਲੋਡ ਕਰੀਬ 16 ਸੌ ਮੈਗਾਵਾਟ ‘ਤੇ ਹੀ ਚਲਾਇਆ ਜਾ ਰਿਹਾ ਹੈ| ਪੈਦਾਵਾਰ ਦੀ ਸਮੱਰਥਾ ਵਧਾਉਣ ‘ਤੇ ਦੋਵੇਂ ਪਲਾਂਟ ਕੁਝ ਹੀ ਦਿਨਾਂ ਵਿੱਚ ਕੋਲੇ ਤੋਂ ਵਿਰਵੇ ਹੋਣ ਦੇ ਖ਼ਦਸ਼ੇ ਹਨ| ਬਠਿੰਡਾ ਥਰਮਲ ਨੂੰ ਕੈਬਨਿਟ ਸਬ ਕਮੇਟੀ ਨੇ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ|
ਸੂਤਰਾਂ ਦਾ ਕਹਿਣਾ ਹੈ ਕਿ ਜੇ ਕੋਲੇ ਦਾ ਸਹੀ ਸਮੇਂ ‘ਤੇ ਪ੍ਰਬੰਧ ਨਾ ਹੋਇਆ ਤਾਂ ਪੰਜਾਬ ਨੂੰ ਵੱਡੇ ਨੁਕਸਾਨ ਦਾ ਖ਼ਦਸ਼ਾ ਹੈ| ਪਾਵਰਕੌਮ ਦੀ ਆਪਣੀ ਪਿਛਵਾੜਾ ਮਾਈਨਿੰਗ ਦੋ ਸਾਲ ਤੋਂ ਬੰਦ ਹੋਣ ਮਗਰੋਂ ‘ਕੋਲ ਇੰਡੀਆ’ ਉਤੇ ਹੀ ਨਿਰਭਰਤਾ ਸੀ ਪਰ ਪਿਛਲੇ ਕੁਝ ਸਮੇਂ ਤੋਂ ‘ਕੋਲ ਇੰਡੀਆ’ ਵੱਲੋਂ ਵੀ ਪੰਜਾਬ ਨੂੰ ਕੋਲੇ ਦੀ ਸਪਲਾਈ ਐਨ ਹੇਠਲੇ ਪੱਧਰ ‘ਤੇ ਕਰਨ ਨਾਲ ਹਾਲਾਤ ਬਦਤਰ ਬਣੇ ਦੱਸੇ ਜਾਂਦੇ ਹਨ| ਪੰਜਾਬ ਨੂੰ ਰੋਜ਼ਾਨਾ ਘੱਟੋ ਘੱਟ ਚਾਰ ਰੈਕ ਕੋਲੇ ਦੀ ਲੋੜ ਸੀ ਪਰ ਇਕ ਮਹੀਨੇ ਤੋਂ ਇਕ ਰੈਕ ਹੀ ਪੁੱਜ ਰਿਹਾ ਸੀ।
ਮੁੱਖ ਮੰਤਰੀ ਨਾਲ ਵਿਚਾਰਿਆ ਜਾਵੇਗਾ ਮਾਮਲਾ
ਪਾਵਰਕੌਮ ਦੇ ਡਾਇਰੈਕਟਰ (ਜੈਨਰੇਸ਼ਨ) ਇੰਜਨੀਅਰ ਐਮ.ਆਰ. ਪਰਿਹਾਰ ਨੇ ਮੰਨਿਆ ਹੈ ਕਿ ਪੰਜਾਬ ਵਿੱਚ ਕੋਲੇ ਦਾ ਸੰਕਟ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ-ਕਮ-ਪਾਵਰਕੌਮ ਦੇ ਸੀ.ਐਮ.ਡੀ. ਏ.ਵੇਣੂ ਪ੍ਰਸ਼ਾਦ ਭਲਕੇ ਇਸ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰੱਖ ਰਹੇ ਹਨ ਤੇ ਕੋਸ਼ਿਸ਼ ਹੋਵੇਗੀ ਕਿ ਮੁੱਖ ਮੰਤਰੀ ਭਲਕੇ ਹੀ ਇਸ ਮੁੱਦੇ ਨੂੰ ਕੇਂਦਰੀ ਬਿਜਲੀ ਮੰਤਰੀ ਨਾਲ ਵਿਚਾਰਨ| ਉਨ੍ਹਾਂ ਦੱਸਿਆ ਕਿ ਪਿਛਵਾੜਾ ਮਾਈਨਿੰਗ ਲਈ ਟੈਂਡਰ ਪ੍ਰਕਿਰਿਆ ਅਰੰਭੀ ਹੋਈ ਹੈ ਪਰ ਪੰਜਾਬ ਨੂੰ ਕੋਲੇ ਦੀ ਲੋੜ ਤੁਰੰਤ ਹੈ। ‘ਕੋਲ ਇੰਡੀਆ’ ਦੀ ਸਪਲਾਈ ਵਿੱਚ ਵਾਧਾ ਜ਼ਰੂਰੀ ਹੈ।