ਜੈਪੁਰ, 26 ਮਾਰਚ
ਕਿੰਗਜ਼ ਇਲੈਵਨ ਪੰਜਾਬ ਨੇ ਕ੍ਰਿਸ ਗੇਲ ਦੇ ਤੂਫ਼ਾਨੀ ਨੀਮ ਸੈਂਕੜੇ ਦੀ ਬਦੌਲਤ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਈਪੀਐਲ ਦੇ ਆਪਣੇ ਪਹਿਲੇ ਮੈਚ ਵਿੱਚ ਚਾਰ ਵਿਕਟਾਂ ਪਿੱਛੇ 184 ਦੌੜਾਂ ਬਣਾਈਆਂ। ਪੰਜਾਬ ਦੇ ਸਕੋਰ ਦਾ ਪਿੱਛਾ ਕਰਨ ਉੱਤਰੀ ਰਾਜਸਥਾਨ ਰਾਇਲਜ਼ ਦੀ ਟੀਮ 9 ਵਿਕਟਾਂ ਉੱਤੇ 170 ਦੌੜਾਂ ਬਣਾ ਸਕੀ। ਪੰਜਾਬ ਦੇ ਗੇਲ ਨੇ 47 ਗੇਂਦਾਂ ਵਿੱਚ ਅੱਠ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 79 ਦੌੜਾਂ ਦੀ ਪਾਰੀ ਖੇਡੀ। ਗੇਲ ਤੋਂ ਇਲਾਵਾ ਨੌਜਵਾਨ ਸਰਫ਼ਰਾਜ ਖ਼ਾਨ ਨੇ 29 ਗੇਂਦਾਂ ਵਿੱਚ ਨਾਬਾਦ 46 ਦੌੜਾਂ ਬਣਾਈਆਂ। ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਪੰਜਾਬ ਦਾ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਚਾਰ ਗੇਂਦਾਂ ਦੇ ਅੰਦਰ ਹੀ ਆਊਟ ਹੋ ਗਿਆ। ਇਸ ਮਗਰੋਂ ਗੇਲ ਅਤੇ ਮਯੰਕ ਅਗਰਵਾਲ (22 ਦੌੜਾਂ) ਸੰਭਲ ਕੇ ਖੇਡੇ। ਪਾਵਰਪਲੇਅ ਵਿੱਚ ਸਿਰਫ਼ 32 ਦੌੜਾਂ ਬਣੀਆਂ। ਕ੍ਰਿਸ਼ਨੱਪਾ ਗੌਤਮ ਨੇ ਗੇਲ ਅਤੇ ਅਗਰਵਾਲ ਦੀ 54 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਰਾਜਸਥਾਨ ਵੱਲੋਂ ਬੇਨ ਸਟੌਕਸ ਨੇ 48 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਗੇਲ ਦੇ ਆਊਟ ਹੋਣ ਮਗਰੋਂ ਸਰਫ਼ਰਾਜ ਨੇ ਪਾਰੀ ਨੂੰ ਅੱਗੇ ਵਧਾਇਆ ਅਤੇ ਟੀਮ ਨੂੰ 180 ਦੌੜਾਂ ਤੋਂ ਪਾਰ ਪਹੁੰਚਾਇਆ।













