ਚੰਡੀਗੜ੍ਹ : ਪੰਜਾਬ ਦੇ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਅਤੇ ਮੁਕਤਸਰ ਦੇ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਇਨ੍ਹਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ ਅਤੇ ਤਲਾਸ਼ੀ ਲਈ ਜਾ ਰਹੀ ਹੈ।।

ਮਾਮਲੇ ਦੀ ਸਚਨਾ ਮਿਲਦੇ ਹੀ ਘਟਨਾ ਵਾਲੀ ਥਾਂ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਪੂਰੇ ਦਫਤਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਦੇ ਅਨੁਸਾਰ ਸਵੇਰੇ 9:30 ਵਜੇ ਦੇ ਕਰੀਬ ਇਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਸੀ। ਪੁਲਿਸ ਕਿਸੇ ਵੀ ਸੰਭਾਵੀ ਬੰਬ ਦੀ ਭਾਲ ਲਈ ਸਨਿਫਰ ਕੁੱਤਿਆਂ ਦੀ ਵਰਤੋਂ ਕਰ ਰਹੀ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਈਮੇਲ ਪਾਕਿਸਤਾਨੀ ਸੰਗਠਨ ISKP ਦੇ ਨਾਮ ‘ਤੇ ਭੇਜਿਆ ਗਿਆ ਸੀ।

ਅਧਿਕਾਰੀਆਂ ਨੇ ਅਜੇ ਤੱਕ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਦੱਸ ਦਈਏ ਕਿ ਪੰਜਾਬ ‘ਚ ਇਸ ਤੋਂ ਪਹਿਲਾਂ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਇਸ ਤੋਂ ਬਾਅਦ, ਲੁਧਿਆਣਾ ਸਮੇਤ ਕਈ ਥਾਵਾਂ ‘ਤੇ ਅਦਾਲਤੀ ਕੰਪਲੈਕਸਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲੀਆਂ। ਹਾਲਾਂਕਿ, ਤਲਾਸ਼ੀ ਦੌਰਾਨ ਕੋਈ ਬੰਬ ਜਾਂ ਸ਼ੱਕੀ ਵਸਤੂ ਨਹੀਂ ਮਿਲੀ।