ਚੰਡੀਗੜ੍ਹ : ਪੰਜਾਬ ਵਿੱਚ ਸੁਰੱਖਿਆ ਸੰਬੰਧੀ ਨਵੀਆਂ ਚਿੰਤਾਵਾਂ ਪੈਦਾ ਹੋ ਗਈਆਂ ਹਨ। ਅੱਜ ਸਵੇਰੇ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਤੋਂ ਬਾਅਦ, ਹੁਣ ਸਕੂਲਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਮੋਗਾ ਅਤੇ ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ।
ਮੋਗਾ ਜ਼ਿਲ੍ਹੇ ਦੇ ਦੋ ਨਿੱਜੀ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਾਵਧਾਨੀ ਵਜੋਂ ਤੁਰੰਤ ਖਾਲੀ ਕਰਵਾ ਲਿਆ ਗਿਆ। ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ, ਸਕੂਲ ਕੈਂਪਸ ਦੀ ਪੂਰੀ ਸੁਰੱਖਿਆ ਜਾਂਚ ਕੀਤੀ, ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਕੀ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਪੰਜਾਬ ਦੇ ਸਕੂਲ ਅੱਜ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਦੇ ਪਹਿਲੇ ਦਿਨ ਦੁਬਾਰਾ ਖੁੱਲ੍ਹੇ ਹਨ।
ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਨੇ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਧਮਕੀ ਅੰਮ੍ਰਿਤਸਰ ਦੇ ਪਿੰਡ ਮੇਹਰਬਾਨਪੁਰਾ ਦੇ ਇੱਕ ਸਰਕਾਰੀ ਸਕੂਲ ਦੇ ਅਧਿਕਾਰਤ ਈਮੇਲ ਪਤੇ ‘ਤੇ ਭੇਜੀ ਗਈ ।ਜਿਸ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ ਅਤੇ ਨਾਲ ਹੀ ਸਕੂਲ ਵਿੱਚ ਰਾਸ਼ਟਰੀ ਗੀਤ ਗਾਉਣਾ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਧਮਕੀ ਮਿਲਦੇ ਹੀ ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਅਜਿਹੀਆਂ ਧਮਕੀਆਂ ਨੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਬੰਬ ਸਕੁਐਡ ਅਤੇ ਸਾਈਬਰ ਸੈੱਲ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ ਅਤੇ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ। ਸੁਰੱਖਿਆ ਕਾਰਨਾਂ ਕਰਕੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵਾਧੂ ਗਸ਼ਤ ਵਧਾ ਦਿੱਤੀ ਗਈ ਹੈ।














