ਪੰਜਾਬ ਦੀਆਂ 13,237 ਪੰਚਾਇਤਾਂ ਲਈ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਇਸ ਲਈ ਵੋਟਿੰਗ 15 ਅਕਤੂਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 4 ਵਜੇ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਬੁੱਧਵਾਰ ਨੂੰ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਦੱਸ ਦਈਏ ਕਿ ਪੰਜਾਬ ‘ਚ ਇਸ ਵਾਰ ਪੰਚਾਇਤੀ ਚੋਣਾਂ ਪਾਰਟੀ ਲਾਈਨ ‘ਤੇ ਨਹੀਂ ਲੜੀਆਂ ਜਾਣਗੀਆਂ।

ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਵੇਗੀ, ਜੋ 4 ਅਕਤੂਬਰ ਤੱਕ ਜਾਰੀ ਰਹੇਗੀ। ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ। ਨਾਮਜ਼ਦਗੀ ਪ੍ਰਕਿਰਿਆ 28 ਸਤੰਬਰ ਨੂੰ ਜਨਤਕ ਛੁੱਟੀ ਹੋਣ ਕਾਰਨ ਬੰਦ ਰਹੇਗੀ। ਸਾਰੀਆਂ ਨਾਮਜ਼ਦਗੀਆਂ 5 ਅਕਤੂਬਰ ਨੂੰ ਛਾਂਟੀਆਂ ਜਾਣਗੀਆਂ, ਜਿਸ ਤੋਂ ਬਾਅਦ 7 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ। ਵੋਟਿੰਗ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ।

ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਝੋਨੇ ਦੇ ਸੀਜ਼ਨ, ਤਿਉਹਾਰਾਂ ਦੀਆਂ ਛੁੱਟੀਆਂ ਅਤੇ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਚੋਣ ਪ੍ਰੋਗਰਾਮ ਤਿਆਰ ਕੀਤਾ ਹੈ, ਤਾਂ ਜੋ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਰਾਹੀਂ 13,237 ਸਰਪੰਚ ਅਤੇ 83,437 ਪੰਚ ਚੁਣੇ ਜਾਣਗੇ। ਚੋਣਾਂ ਵਿੱਚ 1,33,97,922 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਕਮਿਸ਼ਨ ਨੇ ਚੋਣਾਂ ਵਿੱਚ ਖਰਚੇ ਦੀ ਹੱਦ ਵੀ ਤੈਅ ਕੀਤੀ ਹੈ, ਜਿਸ ਵਿੱਚ ਪਹਿਲਾਂ ਨਾਲੋਂ ਵਾਧਾ ਵੀ ਕੀਤਾ ਗਿਆ ਹੈ। ਸਰਪੰਚ ਦੇ ਅਹੁਦੇ ਲਈ ਉਮੀਦਵਾਰ ਚੋਣ ਵਿੱਚ 40 ਹਜ਼ਾਰ ਰੁਪਏ ਖਰਚ ਕਰ ਸਕਣਗੇ, ਜੋ ਪਹਿਲਾਂ 30 ਹਜ਼ਾਰ ਰੁਪਏ ਸੀ। ਇਸੇ ਤਰ੍ਹਾਂ ਪੰਚ ਦੇ ਅਹੁਦੇ ਲਈ ਉਮੀਦਵਾਰ 30 ਹਜ਼ਾਰ ਰੁਪਏ ਖਰਚ ਕਰ ਸਕਣਗੇ, ਜੋ ਪਹਿਲਾਂ 20 ਹਜ਼ਾਰ ਰੁਪਏ ਤੈਅ ਸੀ। ਡੀਸੀ ਵੱਲੋਂ ਚੋਣ ਖਰਚੇ ਦੀ ਨਿਗਰਾਨੀ ਕੀਤੀ ਜਾਵੇਗੀ।

ਕਮਿਸ਼ਨ ਨੇ ਦੱਸਿਆ ਕਿ ਜਰਨਲ ਪੰਚਾਂ ਅਤੇ ਸਰਪੰਚਾਂ ਨੂੰ ਨੌਮੀਨੇਸ਼ਨ ਫ਼ੀਸ 100 ਰੁਪਏ ਦੇਣੀ ਪਵੇਗੀ ਅਤੇ ਐਸੀ -ਬੀਸੀ ਪੰਚਾਂ ਅਤੇ ਸਰਪੰਚਾਂ ਨੂੰ ਨੌਮੀਨੇਸ਼ਨ ਫ਼ੀਸ 50 ਰੁਪਏ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਲਈ ਵੱਖਰਾ ਚੋਣ ਜ਼ਾਬਤਾ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਚੋਣਾਂ ਵਿੱਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਇਹ ਸਿਰਫ਼ ਗ੍ਰਾਮ ਪੰਚਾਇਤਾਂ ‘ਤੇ ਲਾਗੂ ਹੋਵੇਗਾ। ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ‘ਤੇ ਚੋਣ ਜ਼ਾਬਤਾ ਲਾਗੂ ਨਹੀਂ ਹੋਵੇਗਾ। ਚੋਣ ਲੜਨ ਲਈ ਘੱਟੋ-ਘੱਟ ਉਮਰ 25 ਸਾਲ ਰੱਖੀ ਗਈ ਹੈ।

ਚੋਣਾਂ ਵਿੱਚ 96 ਹਜ਼ਾਰ ਸਟਾਫ਼ ਨੂੰ ਡਿਊਟੀ ’ਤੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ 23 ਸੀਨੀਅਰ IAS ਅਤੇ PCS ਅਧਿਕਾਰੀਆਂ ਨੂੰ ਵੀ ਸੁਪਰਵਾਈਜ਼ਰ ਵਜੋਂ ਨਿਯੁਕਤ ਕੀਤਾ ਜਾਵੇਗਾ। ਚੋਣਾਂ ਦੌਰਾਨ ਡਰਾਈ ਡੇਅ ਵੀ ਐਲਾਨਿਆ ਜਾਵੇਗਾ। ਚੋਣ ਸਬੰਧੀ ਹਰ ਤਰ੍ਹਾਂ ਦੇ ਫਾਰਮ ਕਮਿਸ਼ਨ ਦੀ ਵੈੱਬਸਾਈਟ www.sec.punjab.gov.in ‘ਤੇ ਅਪਲੋਡ ਕਰ ਦਿੱਤੇ ਗਏ ਹਨ। ਚੋਣਾਂ ਲਈ 19,110 ਪੋਲਿੰਗ ਸਟੇਸ਼ਨ ਬਣਾਏ ਹਨ। ਇਸ ਦੇ ਨਾਲ ਹੀ ਇਸ ਵਾਰ ਬੈਲਟ ਪੇਪਰ ‘ਤੇ NOTA ਦਾ ਵਿਕਲਪ ਵੀ ਦਿੱਤਾ ਜਾਵੇਗਾ।

ਕਮਿਸ਼ਨ ਨੇ ਕਿਹਾ ਕਿ ਗ੍ਰਾਮ ਪੰਚਾਇਤ ਚੋਣਾਂ ਬਹੁਤ ਵੱਡੀਆਂ ਹੁੰਦੀਆਂ ਹਨ, ਜਿਸ ਕਾਰਨ ਇੰਨੀਆਂ ਈਵੀਐਮ ਮਸ਼ੀਨਾਂ ਦਾ ਪ੍ਰਬੰਧ ਕਰਨਾ ਉਨ੍ਹਾਂ ਲਈ ਮੁਸ਼ਕਲ ਸੀ, ਜਿਸ ਕਾਰਨ ਬੈਲਟ ਪੇਪਰ ਰਾਹੀਂ ਹੀ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਪੰਚ ਦੀ ਚੋਣ ਗੁਲਾਬੀ ਬੈਲਟ ਪੇਪਰ ਰਾਹੀਂ ਹੋਵੇਗੀ ਅਤੇ ਪੰਚ ਦੀ ਚੋਣ ਚਿੱਟੇ ਬੈਲਟ ਪੇਪਰ ਰਾਹੀਂ ਹੋਵੇਗੀ। 50 ਫੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣਗੀਆਂ। ਪੰਚਾਇਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ‘ਤੇ ਨਹੀਂ ਹੋਣਗੀਆਂ। ਇਸ ਦੇ ਲਈ ਵਿਸ਼ੇਸ਼ ਚਿੰਨ੍ਹ ਜਾਰੀ ਕੀਤੇ ਗਏ ਹਨ। ਸਰਪੰਚ ਅਤੇ ਪੰਚ ਲਈ ਵੱਖ-ਵੱਖ ਚੋਣ ਨਿਸ਼ਾਨ ਦਿੱਤੇ ਗਏ ਹਨ।