ਇਸਲਾਮਾਬਾਦ, 18 ਅਗਸਤ
ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕੱਕੜ ਨੇ ਅਹੁਦੇ ਦਾ ਕਾਰਜਭਾਲ ਸੰਭਾਲਣ ਤੋਂ ਕੁਝ ਦਿਨ ਬਾਅਦ ਅਮਰੀਕਾ ਨੂੰ ਦੇਸ਼ ਅੰਦਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ’ਚ ਆਉਣ ਵਾਲੇ ਦਿਨਾਂ ਅੰਦਰ ਆਮ ਚੋਣਾਂ ਹੋਣ ਦੀ ਸੰਭਾਵਨਾ ਹੈ ਅਤੇ ਕੌਮੀ ਅਸੈਂਬਲੀ ਦਾ ਕਾਰਜਕਾਲ 12 ਅਗਸਤ ਨੂੰ ਖਤਮ ਹੋ ਗਿਆ ਹੈ। ਕੱਕੜ ਨੇ ਬੁੱਧਵਾਰ ਦੇਰ ਰਾਤ ਟਵੀਟ ਕੀਤਾ, ‘ਅੰਤਰਿਮ ਸਰਕਾਰ ਪਾਕਿਸਤਾਨ ’ਚ ਸੰਵਿਧਾਨ ਅਨੁਸਾਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰੇਗੀ।’ ਉਨ੍ਹਾਂ ਦਾ ਟਵੀਟ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਵਧਾਈ ਸੰਦੇਸ਼ ਦੇ ਜਵਾਬ ਵਿੱਚ ਆਇਆ ਹੈ ਜਦੋਂ ਪਹਿਲੀ ਵਾਰ ਸੈਨੇਟਰ ਬਣੇ ਕੱਕੜ ਨੂੰ 12 ਅਗਸਤ ਨੂੰ ਪਾਕਿਸਤਾਨ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਕੱਕੜ ਨੇ ਨਾਲ ਹੀ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਆਪਣੀ ਭਾਈਵਾਲੀ ਨੂੰ ਅਤੇ ਖੇਤਰ ’ਚ ਆਰਥਿਕ ਖੁਸ਼ਹਾਲੀ, ਲੋਕਤੰਤਰ ਤੇ ਸਥਿਰਤਾ ਲਈ ਸਾਂਝੀ ਪ੍ਰਤੀਬੱਧਤਾ ਬੇਹੱਦ ਮਹੱਤਵ ਦਿੰਦਾ ਹੈ।