ਕਾਹਿਰਾ:ਓਲੰਪੀਅਨ ਐਸ਼ਵਰੀ ਪ੍ਰਤਾਪ ਸਿੰਘ ਤੋਮਰ ਨੇ ਅੱਜ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੀ ਵਿਅਕਤੀਗਤ 50 ਮੀਟਰ ਰਾਈਫਲ ਥਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ ਚਾਰ ਸੋਨ ਤਗ਼ਮਿਆਂ ਸਮੇਤ ਛੇ ਤਗ਼ਮੇ ਜਿੱਤਦਿਆਂ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਪਿਛਲੇ ਸਾਲ ਚਾਂਗਵੋਨ ਵਿਸ਼ਵ ਕੱਪ ਵਿੱਚ ਵੀ ਸੋਨ ਤਗ਼ਮਾ ਜਿੱਤਣ ਵਾਲੇ 22 ਸਾਲਾ ਤੋਮਰ ਨੇ ਫਾਈਨਲ ਵਿੱਚ ਆਸਟਰੀਆ ਦੇ ਅਲੈਕਜੈਂਡਰ ਸ਼ਮਿਰਲ ’ਤੇ 16-2 ਤੋਂ ਸੌਖਿਆ ਹੀ ਜਿੱਤ ਦਰਜ ਕੀਤੀ। ਤੋਮਰ ਨੇ ਰੈਂਕਿੰਗ ਰਾਊਂਡ ਵਿੱਚ 406.4 ਅੰਕ ਬਣਾ ਕੇ ਦੂਜਾ ਸਥਾਨ ਕੀਤਾ ਸੀ, ਜਦਕਿ ਸ਼ਮਿਰਲ 407.9 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ। ਇਸ ਤੋਂ ਪਹਿਲਾ ਭਾਰਤੀ ਨਿਸ਼ਾਨੇਬਾਜ਼ ਨੇ ਕੁਆਲੀਫਾਈ ਦੌਰ ਵਿੱਚ 588 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਸੀ। ਇਸ ਮੁਕਾਬਲੇ ਵਿੱਚ ਭਾਗ ਲੈ ਰਹੇ ਇੱਕ ਹੋਰ ਭਾਰਤੀ ਅਖਿਲ ਸ਼ੈਰੇਨ ਨੇ ਕੁਆਲੀਫਿਕੇਸ਼ਨ ਵਿੱਚ 587 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ।