ਨਵੀਂ ਦਿੱਲੀ:ਅਦਾਕਾਰਾ ਸੁਖਮਨੀ ਸਦਾਨਾ ਆਪਣੇ ਆਉਣ ਵਾਲੀਆਂ ਦੋ ਨਵੇਂ ਟੀਵੀ ਸੀਰੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ‘ਤਾਂਡਵ’ ਤੇ ‘ਮਨਮਰਜ਼ੀਆਂ’ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਹੁਣ ਅਕਤੂਬਰ ਮਹੀਨੇ ਵਿੱਚ ਵੱਖ-ਵੱਖ ਓਟੀਟੀ ਪਲੈਟਫਾਰਮਾਂ ’ਤੇ ਸ਼ੁਰੂ ਹੋਣ ਵਾਲੀਆਂ ਸੀਰੀਜ਼ ‘ਅਪਰਹਨ-2’ ਅਤੇ ‘ਦੋਜ਼ ਪ੍ਰਾਈਜ਼ੀ ਠਾਕੁਰ ਗਰਲਜ਼’ ਵਿੱਚ ਦਿਖਾਈ ਦੇਵੇਗੀ। ਇੱਕ ਇੰਟਰਵਿਊ ਦੌਰਾਨ ਸੁਖਮਨੀ ਨੇ ਦੱਸਿਆ, ‘ਮੈਂ ਇਨ੍ਹਾਂ ਦੋਵੇਂ ਸੀਰੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ 2021 ਦਾ ਸਾਰਾ ਵਰ੍ਹਾ ਇਨ੍ਹਾਂ ਦੋਵੇਂ ਸੀਰੀਜ਼ ਲਈ ਬਹੁਤ ਮਿਹਨਤ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਖਮਨੀ ਨੇ ਇਸ ਦੇ ਨਾਲ ਹੀ ਕੁਨਾਲ ਕੋਹਲੀ, ਅਨਿਰੁੱਧ ਰੌਏ ਚੌਧਰੀ, ਐਂਡੇਮੋਲ, ਬਾਲਾਜੀ ਅਤੇ ਨੈੱਟਫਲਿਕਸ ਲਈ ਕਈ ਫਿਲਮਾਂ ਦੀਆਂ ਕਹਾਣੀਆਂ ਵੀ ਲਿਖੀਆਂ ਹਨ। ਆਪਣੇ ਕਿਰਦਾਰਾਂ ਬਾਰੇ ਗੱਲ ਕਰਦਿਆਂ ਸੁਖਮਨੀ ਨੇ ਦੱਸਿਆ, ‘ਇੱਕ ਸਮੇਂ ਦੋ ਬਿਲਕੁਲ ਵੱਖ-ਵੱਖ ਕਿਰਦਾਰ ਨਿਭਾਉਣਾ ਮੇਰੇ ਲਈ ਭਾਵਨਾਤਮਕ ਤੌਰ ’ਤੇ ਬਹੁਤ ਜਟਿਲ ਕੰਮ ਸੀ। ਦੋਵੇਂ ਹੀ ਸ਼ੋਅ ਇੱਕ ਹੀ ਮਹੀਨੇ ਵਿੱਚ ਦਰਸ਼ਕਾਂ ਸਾਹਮਣੇ ਆ ਰਹੇ ਹਨ ਤੇ ਮੈਂ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ।’ ਇਸ ਤੋਂ ਪਹਿਲਾਂ ਸੁਖਮਨੀ ‘ਸੇਕਰੇਡ ਗੇਮਜ਼’, ‘ਹਾਰਟ ਬਰੇਕ ਹੋਟਲ’, ‘ਪਰਛਾਈਂ’ ਵਿੱਚ ਕੰਮ ਕਰ ਚੁੱਕੀ ਹੈ।