ਮੁੱਖ ਮੰਤਰੀ ਭਗਵੰਤ ਮਾਨ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਤੋਹਫ਼ਾ ਦੇਣਗੇ। 15 ਅਕਤੂਬਰ ਤੋਂ ਹੜ੍ਹ ਪੀੜਤ ਲੋਕਾਂ ਨੂੰ ਫਸਲਾਂ, ਪਸ਼ੂਆਂ ਤੇ ਹੋਰ ਨੁਕਸਾਨ ਲਈ ਰਾਹਤ ਚੈੱਕ ਦਿੱਤੇ ਜਾਣਗੇ। ਮੁੱਖ ਮੰਤਰੀ ਮਾਨ 2-3 ਜ਼ਿਲ੍ਹਿਆਂ ‘ਚ ਲੋਕਾਂ ਨੂੰ ਆਪਣੇ ਹੱਥੀਂ ਚੈੱਕ ਵੰਡਣ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ CM ਮਾਨ ਭਲਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲਣਗੇ ਤੇ SDRF ਮੁਆਵਜ਼ਾ ਨਿਯਮਾਂ ‘ਚ ਸੋਧ ਕਰਨ ਨੂੰ ਲੈ ਕੇ ਗੱਲਬਾਤ ਕਰਨਗੇ।
ਵਿਧਾਨ ਸਭਾ ਵਿਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫਸਲਾਂ ਦਾ 26 ਤੋਂ 33 ਫੀਸਦੀ ਨੁਕਸਾਨ ਹੋਣ ‘ਤੇ 10,000 ਦਾ ਮੁਆਵਜ਼ਾ ਮਿਲੇਗਾ, 75 ਤੋਂ 100 ਫੀਸਦੀ ਖਰਾਬੇ ਲਈ 20,000 ਰੁਪਏ ਮਿਲਣਗੇ। ਗਿਰਦਾਵਰੀ 40 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਹੋ ਜਾਵੇਗੀ। ਇਸ ਦੇ ਨਾਲ ਹੀ ਡੀ-ਸਿਲਟਿੰਗ ਲਈ 7200 ਰੁਪਏ ਪ੍ਰਤੀ ਏਕੜ ਦਾ ਖਰਚਾ ਦਿੱਤਾ ਜਾਵੇਗਾ।
CM ਮਾਨ ਨੇ ਕਿਹਾ ਕਿ ਪੰਜਾਬ ਪਹਿਲਾਂ ਵੀ ਬਹੁਤ ਵਾਰ ਡਿੱਗਿਆ ਹੈ ਪਰ ਡਿੱਗਣ ਤੋਂ ਬਾਅਦ ਇਸ ਤਰ੍ਹਾਂ ਉੱਠਿਆ ਕੋਈ ਸੋਚ ਹੀ ਨਹੀਂ ਸਕਦਾ, ਕਿਉਂਕਿ ਕੋਈ ਸੂਬਾ ਇੰਨੀਆਂ ਮੁਸੀਬਤਾਂ ਝੱਲ ਕੇ ਨਹੀਂ ਉੱਠ ਸਕਦਾ, ਅਸੀਂ ਡਿੱਗ ਕੇ ਉੱਠਣਾ ਚੰਗੀ ਤਰ੍ਹਾਂ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮੰਤਰੀ ਤੇ ਅਧਿਕਾਰੀ ਹੜ੍ਹ ਰਾਹਤ ਕਾਰਜਾਂ ‘ਚ ਲੱਗੇ ਹੋਏ ਹਨ। ਮੰਡੀਆਂ ‘ਚ ਝੋਨਾ ਆ ਚੁੱਕਿਆ ਹੈ, ਉਸ ਨੂੰ ਵੀ ਚੁਕਿਆ ਜਾ ਰਿਹਾ ਹੈ, ਡੀਸੈਲਟਿੰਗ ਦਾ ਕੰਮ ਵੀ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਉਨ੍ਹਾਂ ਨੌਜਵਾਨਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ ‘ਚ ਪਾ ਕੇ ਲੋਕਾਂ ਦੀ ਮਦਦ ਕੀਤੀ ਤੇ ਪਿੰਡਾਂ ਦੇ ਪਿੰਡ ਗੋਦ ਲਏ।
ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡਾ ਅਸਲੀ ਦੋਸਤ ਓਹੀ ਹੁੰਦਾ ਹੈ ਜਿਹੜਾ ਕਮੀਆਂ ਦੱਸੇ। ਤਾਰੀਫਾਂ ਕਰਨ ਵਾਲੇ, ਮਾਨ ਸਾਬ੍ਹ ਕਹਿਣ ਵਾਲੇ ਤਾਂ ਬਹੁਤ ਹੁੰਦੇ ਨੇ ਪਰ ਜੋ ਦੱਸੇ ਕਿ ਇਸ ਚੀਜ਼ ਨੂੰ ਇਸ ਤਰਾਂ ਠੀਕ ਕਰ ਸਕਦੇ ਹਾਂ ਉਹ ਅਸਲੀ ਦੋਸਤ ਹੈ। ਵਿਰੋਧੀ ਪਾਰਟੀਆਂ ਨੂੰ ਵੀ ਦੋਸਤ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।