ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਅਦਾਕਾਰ ਅਮਿਤਾਭ ਬੱਚਨ ਦੇ ਪੈਰੀ ਹੱਥ ਲਾ ਕੇ ਸਤਿਕਾਰ ਪ੍ਰਗਟ ਕੀਤਾ ਸੀ। ਇਸ ‘ਤੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਤੇ ਕਿਹਾ ਕਿ ਦਿਲਜੀਤ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ – ਇਹ ਗਲਤ ਹੈ।
ਰਵੀ ਸਿੰਘ ਖਾਲਸਾ ਏਡ ਨੇ ਵੀਡੀਓ ੲਰੀ ਕਰਕੇ ਬੋਲਿਆ, ‘ਤੂੰ ਬਹੁਤ ਵੱਡੀ ਗਲਤੀ ਕੀਤੀ ਦਿਲਜੀਤ, ਤੂੰ ਹਟਦਾ ਵੀ ਨਹੀਂ ਗਲਤੀ ਕਰਨ ਤੋਂ। ਤੈਨੂੰ ਕਿੰਨੀ ਵਾਰ ਕਿਹਾ ਅਜਿਹੇ ਬੰਦੇ ਤੋਂ ਦੂਰ ਰਹਿ, ਆਪਣਾ ਕੰਮ ਕਰੀ ਜਾ। ਤੂੰ ਬਹੁਤ ਵੱਡਾ ਸੁਪਰਸਟਾਰ ਆ, ਸਾਰੇ ਪੰਜਾਬੀਆਂ ਨੂੰ ਤੇਰੇ ’ਤੇ ਮਾਣ ਆ। ਐਦਾ ਦੇ ਕੰਮ ਕਰ ਕੇ ਤੂੰ ਆਪਣੇ ਆਪ ਨੂੰ ਬਹੁਤ ਪਿੱਛੇ ਕਰ ਰਿਹਾ ਆ। ਤੁਸੀਂ ਉਸ ਵੇਲੇ 84 ’ਚ ਜਾ ਤੁਹਾਡਾ ਪਰਿਵਾਰ ਦਿੱਲੀ ਹੁੰਦਾ? ਤਾਂ ਤੁਹਾਡੀ ਸੋਚ ਸ਼ਾਇਦ ਹੋਰ ਹੁੰਦੀ। ਸ਼ਾਇਦ ਮੇਰੀ ਗੱਲ ਦਾ ਤੁਹਾਨੂੰ ਗੁੱਸਾ ਵੀ ਲੱਗੇ।’
ਅਮਿਤਾਭ ਬੱਚਨ ਨੂੰ ਗਾਂਧੀ ਪਰਿਵਾਰ ਦਾ ਨੇੜਲਾ ਮੰਨਿਆ ਜਾਂਦਾ ਹੈ। 1984 ਦੇ ਸਿੱਖ ਕਤਲੇਆਮ ਵਿੱਚ ਵੀ ਉਨ੍ਹਾਂ ਦਾ ਨਾਂ ਕਥਿਤ ਤੌਰ ‘ਤੇ ਜੁੜਿਆ ਹੈ। ਦੋਸ਼ ਹੈ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਮਗਰੋਂ ਉਨ੍ਹਾਂ ਨੇ ਦਿੱਲੀ ਵਿੱਚ ਭੀੜ ਨੂੰ “ਖੂਨ ਕਾ ਬਦਲਾ ਖੂਨ” ਵਰਗੇ ਭੜਕਾਊ ਨਾਅਰੇ ਲਗਾਉਣ ਲਈ ਉਕਸਾਇਆ। ਕੁਝ ਰਿਪੋਰਟਾਂ ਮੁਤਾਬਕ ਉਹ ਦੂਰਦਰਸ਼ਨ ‘ਤੇ ਵੀ ਇਹ ਨਾਅਰਾ ਲਗਾਉਂਦੇ ਸੁਣਾਈ ਦਿੱਤੇ।
ਅਮਿਤਾਭ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸ ਕੇ ਸਖ਼ਤੀ ਨਾਲ ਖੰਡਨ ਕੀਤਾ ਹੈ। 2011 ਵਿੱਚ ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੀ ਨਿਰਦੋਸ਼ਤਾ ਜ਼ਾਹਰ ਕੀਤੀ ਤੇ ਕਿਹਾ ਕਿ ਉਹ ਹਮੇਸ਼ਾ ਸ਼ਾਂਤੀ ਤੇ ਸਦਭਾਵਨਾ ਦੇ ਹੱਕ ਵਿੱਚ ਰਹੇ ਹਨ।
ਸਿੱਖਸ ਫਾਰ ਜਸਟਿਸ (SFJ) ਨੇ ਅਮਰੀਕਾ ਵਿੱਚ ਉਨ੍ਹਾਂ ਵਿਰੁੱਧ ਮਨੁੱਖੀ ਅਧਿਕਾਰ ਉਲੰਘਣਾ ਦੇ ਮੁਕੱਦਮੇ ਦਾਇਰ ਕੀਤੇ, ਜਿਸ ਲਈ ਸੰਮਨ ਵੀ ਜਾਰੀ ਹੋਏ। 2013 ਵਿੱਚ ਉਨ੍ਹਾਂ ਨੇ ਸੀਬੀਆਈ ਨੂੰ ਵੀ ਬਿਆਨ ਦਿੱਤਾ।
ਇਸ ਤੋਂ ਇਲਾਵਾ ਗੁਰਪਤਵੰਤ ਪੰਨੂ ਨੇ ਵੌਇਸ ਮੈਸੇਜਾਂ ਵਿੱਚ ਅਮਿਤਾਭ ਦੀ 1984 ਵਾਲੀ ਭੂਮਿਕਾ ਦਾ ਜ਼ਿਕਰ ਕਰਦਿਆਂ ਦਿਲਜੀਤ ਦੇ ਪੈਰ ਛੂਹਣ ਨੂੰ “1984 ਪੀੜਤਾਂ ਦਾ ਅਪਮਾਨ” ਕਰਾਰ ਦਿੱਤਾ।














