ਚੱਟੋਗ੍ਰਾਮ, 10 ਦਸੰਬਰ

ਬੰਗਲਾਦੇਸ਼ ਖ਼ਿਲਾਫ਼ ਤੀਜੇ ਇਕ ਦਿਨਾਂ ਮੈਚ ‘ਚ ਭਾਰਤ ਨੇ 8 ਵਿਕਟਾਂ ’ਤੇ 409 ਦੌੜਾਂ ਬਣਾਈਆਂ। ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਇਕ ਦਿਨਾਂ ਕ੍ਰਿਕਟ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਮਾਰਿਆ। ਉਸ ਨੇ 126 ਗੇਂਦਾਂ ‘ਚ ਦੋਹਰਾ ਸੈਂਕੜਾ ਮਾਰਿਆ। ਇਹ ਉਸ ਦਾ ਇਕ ਦਿਨਾਂ ਮੈਚਾਂ ਵਿੱਚ ਪਹਿਲਾ ਦੋਹਰਾ ਸੈਂਕੜਾ ਹੈ। ਈਸ਼ਾਨ ਕਿਸ਼ਨ ਨੇ 131 ਗੇਂਦਾਂ ‘ਤੇ 210 ਦੌੜਾਂ ਦੀ ਆਪਣੀ ਪਾਰੀ ‘ਚ 24 ਚੌਕੇ ਅਤੇ 10 ਛੱਕੇ ਮਾਰੇ। ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਸੈਂਕੜਾ ਲਗਾਇਆ। ਵਿਰਾਟ ਨੇ 91 ਗੇਂਦਾਂ ‘ਚ 113 ਦੌੜਾਂ ਬਣਾਈਆਂ। ਸ਼ਾਮ 6 ਵਜੇ ਤੱਕ ਬੰਗਲਾਦੇਸ਼ ਨੇ 26 ਓਵਰਾਂ ’ਚ 5 ਵਿਕਟਾਂ ’ਤੇ 143 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ ਆਪਣੀ ਟੀਮ ‘ਚ ਦੋ ਬਦਲਾਅ ਕੀਤੇ ਹਨ। ਉਸ ਨੇ ਤਸਕੀਨ ਅਹਿਮਦ ਅਤੇ ਯਾਸਿਰ ਅਲੀ ਨੂੰ ਨਸੂਮ ਅਹਿਮਦ ਅਤੇ ਨਜਮੁਲ ਹੁਸੈਨ ਸ਼ਾਂਟੋ ਦੀ ਜਗ੍ਹਾ ਟੀਮ ਸ਼ਾਮਲ ਕੀਤਾ ਹੈ। ਰੋਹਿਤ ਸ਼ਰਮਾ ਦੀ ਸੱਟ ਕਾਰਨ ਕੇਐੱਲ ਰਾਹੁਲ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ। ਭਾਰਤ ਨੇ ਦੋ ਬਦਲਾਅ ਕਰਕੇ ਰੋਹਿਤ ਅਤੇ ਦੀਪਕ ਚਾਹਰ ਦੀ ਜਗ੍ਹਾ ਇਸ਼ਾਨ ਕਿਸ਼ਨ ਅਤੇ ਕੁਲਦੀਪ ਯਾਦਵ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਬੰਗਲਾਦੇਸ਼ ਨੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਲਈ ਹੈ।