ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਸਖ਼ਤ ਰੁੱਖ ਅਪਣਾਉਂਦੇ ਹੋਏ ਈਰਾਨ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਸਟ੍ਰੇਟ ਆਫ਼ ਹੌਰਮੁਜ਼ ਵਿੱਚ ਕਿਸੇ ਜਹਾਜ਼ ‘ਤੇ ਮਿਸਾਈਲ, ਰੌਕੇਟ, ਡਰੋਨ ਜਾਂ ਕਿਸੇ ਹੋਰ ਹਥਿਆਰ ਨਾਲ ਹਮਲਾ ਕੀਤਾ, ਤਾਂ ਅਮਰੀਕਾ ਜਵਾਬੀ ਕਾਰਵਾਈ ਕਰੇਗਾ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਹੋਰਮੁਜ਼ ਵਿੱਚ ਕਿਸੇ ਜਹਾਜ਼ ‘ਤੇ ਹਮਲਾ ਕਰਦਾ ਹੈ, ਤਾਂ ਅਮਰੀਕਾ ਉਸ ਦੇ ਪੁਲ ਜਾਂ ਬਿਜਲੀ ਪਲਾਂਟ ਨੂੰ ਤਬਾਹ ਕਰ ਦੇਵੇਗਾ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਆਪਣੀ ਇਸ ਚੇਤਾਵਨੀ ਵਿੱਚ ਈਰਾਨੀ ਹਮਲਿਆਂ ਦੇ ਜਵਾਬ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀਆਂ ਆਪਣੀਆਂ ਪੁਰਾਣੀਆਂ ਧਮਕੀਆਂ ਨੂੰ ਮੁੜ ਦੁਹਰਾਇਆ।
ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਦੋਵਾਂ ਧਿਰਾਂ ਵੱਲੋਂ ਹਮਲੇ ਤੇਜ਼ ਹੋ ਗਏ ਹਨ, ਜਿਸ ਨਾਲ ਯੁੱਧ ਖ਼ਤਮ ਕਰਨ ਦਾ ਇੱਕ ਅੰਤਰਿਮ ਸਮਝੌਤਾ ਪੂਰੀ ਤਰ੍ਹਾਂ ਟੁੱਟ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ”ਹੁਣ ਤੋਂ, ਇਸਲਾਮੀ ਗਣਰਾਜ ਈਰਾਨ ਜਦੋਂ ਵੀ ਹੋਰਮੁਜ਼ ਵਿੱਚ ਕਿਸੇ ਜਹਾਜ਼ ‘ਤੇ ਮਿਸਾਈਲ, ਰੌਕੇਟ, ਡਰੋਨ ਜਾਂ ਕਿਸੇ ਹੋਰ ਹਥਿਆਰ ਨਾਲ ਨਿਸ਼ਾਨਾ ਸਾਧੇਗਾ, ਅਮਰੀਕਾ ਉਸ ਦੇ ਪੁਲ ਜਾਂ ਬਿਜਲੀ ਪਲਾਂਟ ‘ਤੇ ਬੰਬਾਰੀ ਕਰੇਗਾ ਅਤੇ ਉਸਨੂੰ ਤਬਾਹ ਕਰ ਦੇਵੇਗਾ।”
ਦੂਜੇ ਪਾਸੇ, ਈਰਾਨ ਨੇ ਪਲਟਵਾਰ ਕਰਦਿਆਂ ਅਮਰੀਕਾ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਸ ਦੇ ਜ਼ਮੀਨਦੋਜ਼ ਪਰਮਾਣੂ ਜਾਂ ਸੰਵੇਦਨਸ਼ੀਲ ਟਿਕਾਣਿਆਂ ‘ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਪੂਰੇ ਖੇਤਰ ਵਿੱਚ ਵਿਆਪਕ ਜੰਗ ਨੂੰ ਭੜਕਾ ਦੇਵੇਗਾ। ਇਹ ਚੇਤਾਵਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਮਰੀਕਾ ‘ਬਹੁਤ ਜਲਦ’ ਈਰਾਨ ਦੇ ਬੇਹੱਦ ਸੁਰੱਖਿਅਤ ‘ਪਿਕਐਕਸ ਮਾਊਂਟੇਨ’ ਪਰਮਾਣੂ ਟਿਕਾਣੇ ਨੂੰ ਨਿਸ਼ਾਨਾ ਬਣਾਏਗਾ।














