ਓਟਾਵਾ- ਪਿਛਲੇ 2 ਹਫਤਿਆਂ ਤੋਂ ਆਮ ਕੈਨੇਡੀਅਨਾਂ ਨਾਲ ਟਾਊਨ ਹਾਲ ਮੀਟਿੰਗ ਕਰਕੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵਿਟਜ਼ਰਲੈਂਡ ਜਾ ਰਹੇ ਹਨ। ਜਿੱਥੇ ਉਹ ਦਾਵੋਸ ‘ਚ ਵਰਲਡ ਇਕਨਾਮਿਕ ਫੋਰਮ ‘ਚ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਨਾਲ ਗੱਲਬਾਤ ਕਰਨਗੇ।
ਦੂਜੀ ਵਾਰੀ ਇਸ ਮੀਟਿੰਗ ‘ਚ ਹਿੱਸਾ ਲੈ ਰਹੇ ਪ੍ਰਧਾਨ ਮੰਤਰੀ ਟਰੂਡੋ ਇਸ ਮੌਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਕਾਰੋਬਾਰ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹੇ ਹਨ ਅਤੇ ਹੁਣ ਨਿਵੇਸ਼ ਕਰਨ ਲਈ ਸਹੀ ਸਮਾਂ ਵੀ ਹੈ। ਉਨ੍ਹਾਂ ਦੇ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਵੇਂ ਟਰੂਡੋ ਕਿਊਬਿਕ ਸਿਟੀ ਦੇ ਹਾਈ ਸਕੂਲ ਦੇ ਜਿਮਨੇਜ਼ੀਅਮ ‘ਚ ਨਾਗਰਿਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹੋਣ ਜਾਂ ਫਿਰ ਸਵਿੱਸ ਐਲਪਸ ਦੇ ਸਕੀ ਰਿਜ਼ਾਰਟ ‘ਚ ਅਹਿਮ ਗੱਲਬਾਤ ਕਰ ਰਹੇ ਹੋਣ, ਉਨ੍ਹਾਂ ਦੇ ਟੀਚੇ ਇੱਕੋ ਹੀ ਹਨ।
ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਨਾਲ ਮੁਲਾਕਾਤ ਦਾ ਅਸਲ ਟੀਚਾ ਮੱਧ ਵਰਗ ਲਈ ਪੈਸੇ ਜੁਟਾਉਣਾ ਹੀ ਹੈ। ਜੇ ਕੋਈ ਕੰਪਨੀ ਇਹ ਐਲਾਨ ਕਰਦੀ ਹੈ ਕਿ ਉਹ ਕੈਨੇਡਾ ‘ਚ ਫੈਕਟਰੀ ਜਾਂ ਹੈੱਡ ਆਫਿਸ ਖੋਲ੍ਹਣ ਜਾ ਰਹੀ ਹੈ ਤਾਂ ਇਸ ਤੋਂ ਭਾਵ ਹੋਵੇਗਾ ਕਿ ਕੈਨੇਡਾ ਦੇ ਮੱਧਵਰਗੀ ਲੋਕਾਂ ਲਈ ਮੌਕਿਆਂ ਦਾ ਨਵਾਂ ਪਿਟਾਰਾ ਖੁੱਲ੍ਹਣ ਜਾ ਰਿਹਾ ਹੈ। ਟਰੂਡੋ ਦੇ ਦਾਵੋਸ ਪ੍ਰੋਗਰਾਮ ਤਹਿਤ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਉੱਥੇ ਦਿੱਤਾ ਜਾਣ ਵਾਲਾ ਭਾਸ਼ਣ ਵੀ ਸ਼ਾਮਲ ਹੈ।
ਟਰੂਡੋ ਦੇ ਆਫਿਸ ਨੇ ਆਖਿਆ ਕਿ ਆਪਣੀਆਂ ਕੌਮਾਂਤਰੀ ਤਰਜੀਹਾਂ ਬਾਰੇ ਦੱਸਣ ਅਤੇ ਜੀ-7 ਦੇ 5 ਥੀਮਜ਼ ਬਾਰੇ ਦੱਸਣ ਦਾ ਇਸ ਤੋਂ ਵਧੀਆ ਮੌਕਾ ਹੋਰ ਕੀ ਹੋਵੇਗਾ। ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫੀ ਰੁਝੇਵਿਆਂ ਭਰਿਆ ਹੋਵੇਗਾ। ਇਸ ਦੌਰਾਨ ਉਹ ਸਿਆਸੀ ਆਗੂਆਂ ਨਾਲ 2-ਪੱਖੀ ਗੱਲਬਾਤ ਕਰਨਗੇ ਅਤੇ ਅਲੀਬਾਬਾ, ਅਲਫਾਬੈੱਟ, ਬਲੈਕਰੌਕ, ਕੋਕਾ ਕੋਲਾ, ਡੀ. ਪੀ. ਵਰਲਡ, ਇਨਵੈਸਟਰ ਏ. ਬੀ., ਰਾਇਲ ਡੱਚ ਸੈੱਲ, ਥੌਮਸਨ ਰਾਈਟਰਜ਼, ਯੂ. ਬੀ. ਐੱਸ. ਅਤੇ ਯੂ. ਪੀ. ਐੱਸ. ਵਰਗੀਆਂ ਕੰਪਨੀਆਂ ਦੇ ਮੁਖੀਆਂ ਨਾਲ ਵੀ ਮੀਟਿੰਗਾਂ ਕਰਨਗੇ।
ਨਾਫਟਾ ਸਬੰਧੀ ਗੱਲਬਾਤ ਦਾ 6ਵਾਂ ਗੇੜ ਹੁਣ ਜਦੋਂ ਮਾਂਟਰੀਅਲ ‘ਚ ਹੋਣ ਜਾ ਰਿਹਾ ਹੈ ਤਾਂ ਟਰੂਡੋ ਬੁੱਧਵਾਰ ਨੂੰ ਕਾਰੋਬਾਰੀ ਆਗੂਆਂ ਨਾਲ ਕੈਨੇਡਾ-ਅਮਰੀਕਾ ਇਕਨਾਮਿਕ ਰਾਊਂਡ ਟਾਕ ‘ਚ ਵੀ ਹਿੱਸਾ ਲੈਣਗੇ।