ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਅਤੇ ਧਾਰਾ 370 ਮਨਸੂਖ਼ ਕਰਨ ਦੀ ਜ਼ੋਰਦਾਰ ਪੈਰਵੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਮੋਦੀ ਸਰਕਾਰ ਦੀਆਂ 100 ਦਿਨਾਂ ਪ੍ਰਾਪਤੀਆਂ ਦਾ ਗੁਣਗਾਨ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਲਏ ਗਏ ਫੈਸਲਿਆਂ ਵਿੱਚੋਂ ਸਭ ਤੋਂ ਅਹਿਮ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਨਾ ਅਤੇ ਲੱਦਾਖ਼ ਨੂੰ ਪੂਰਨ ਯੂਟੀ ਦਾ ਦਰਜਾ ਦੇਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ’ਚ ਵੰਡਣ ਦਾ ਕੰਮ ਨਰਿੰਦਰ ਮੋਦੀ ਕਰ ਕੇ ਹੀ ਸੰਭਵ ਹੋਇਆ ਹੈ ਕਿਉਂਕਿ ਪਿਛਲੇ 70 ਸਾਲਾਂ ਵਿੱਚ ਸਮੇਂ ਦੀਆਂ ਸਰਕਾਰਾਂ ਕਸ਼ਮੀਰ ਸਬੰਧੀ ਕੋਈ ਵੀ ਫੈਸਲਾ ਲੈਣ ’ਚ ਨਾਕਾਮ ਰਹੀਆਂ ਹਨ। ਕੇਂਦਰੀ ਮੰਤਰੀ ਨੇ ਭਾਰਤੀ ਅਰਥਚਾਰੇ ਦੇ ਸੰਕਟਮਈ ਦੌਰ ਨੂੰ ਆਲਮੀ ਮੰਦੀ ਨਾਲ ਜੋੜਦਿਆਂ ਕਿਹਾ ਕਿ ਇਹ ਸੰਕਟ ਕੋਈ ਖਾਸ ਗੱਲ ਨਹੀਂ ਤੇ ਭਾਰਤੀ ਆਰਥਿਕਤਾ ਹੋਰਨਾਂ ਮੁਲਕਾਂ ਦੇ ਮੁਕਾਬਲੇ ਬਿਹਤਰ ਦਿਸ਼ਾ ਵੱਲ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੈਂਕਾਂ ਦੇ ਰਲੇਵੇਂ ਅਤੇ ਸਰਕਾਰ ਵੱਲੋਂ ਬੈਂਕਾਂ ਨੂੰ 70 ਹਜ਼ਾਰ ਕਰੋੜ ਰੁਪਏ ਦਾ ਸਰਮਾਇਆ ਦੇਣ ਨਾਲ ਆਰਥਿਕ ਸੰਕਟ ਨੂੰ ਬਰੇਕਾਂ ਲੱਗਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਤੇ ਜਪਾਨ ਵੀ ਇਸ ਵੇਲੇ ਮੰਦੀ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਅਰਥਚਾਰੇ ’ਚ ਮੰਦੀ ਆਰਜ਼ੀ ਸਮੱਸਿਆ ਹੈ ਜਦੋਂਕਿ ਹਕੀਕਤ ਵਿੱਚ ਮਹਿੰਗਾਈ ਘਟੀ ਹੈ ਤੇ ਵਿਦੇਸ਼ੀ ਪੂੰਜੀ ਦਾ ਨਿਵੇਸ਼ ਵਧਿਆ ਹੈ। ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਗਿਣਾਉਂਦਿਆਂ ਬੀਬੀ ਹਰਸਿਮਰਤ ਨੇ ਕਿਹਾ ਕਿ ਮੁਸਲਿਮ ਔਰਤਾਂ ਨੂੰ ਬਰਾਬਰੀ ਦਾ ਹੱਕ ਦੇ ਕੇ ਤੀਹਰੇ ਤਲਾਕ ਨੂੰ ਖ਼ਤਮ ਕੀਤਾ। ਬਾਲੜੀਆਂ ਖਿਲਾਫ਼ ਅਪਰਾਧਾਂ ਨੂੰ ਰੋਕਣ ਲਈ ‘ਪੋਸਕੋ’ ਐਕਟ ਸਖ਼ਤ ਕਰ ਕੇ ਫਾਂਸੀ ਦੀ ਸਜ਼ਾ ਦੀ ਵਿਵਸਥਾ ਕੀਤੀ ਅਤੇ ਦੋਸ਼ੀਆਂ ਨੂੰ ਜਲਦੀ ਸਜ਼ਾਵਾਂ ਦੇਣ ਲਈ ਫਾਸਟ ਟਰੈਕ ਅਦਾਲਤਾਂ ਦਾ ਗਠਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੀ ਦਿਸ਼ਾ ਵੱਲ ਕਦਮ ਚੁੱਕਦਿਆਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਡੇਢ ਗੁਣਾ ਦਾ ਵਾਧਾ ਕੀਤਾ। 6000 ਰੁਪਏ ਸਾਲਾਨਾ ਯੋਜਨਾ ਤਹਿਤ ਕਿਸਾਨ ਪਰਿਵਾਰਾਂ ਨੂੰ 87 ਹਜ਼ਾਰ ਕਰੋੜ ਰੁਪਏ ਦੇਣੇ ਸ਼ੁਰੂ ਕੀਤੇ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਹਰੇਕ ਮੰਤਰਾਲੇ ਨੂੰ 100 ਦਿਨਾਂ ਦੇ ਟੀਚੇ ਦਿੰਦਿਆਂ ਰਿਪੋਰਟ ਕਾਰਡ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਕਰਕੇ ਸਾਰੇ ਵਿਭਾਗਾਂ ਦੀ ਕਾਰਗੁਜ਼ਾਰੀ ਬਿਹਤਰ ਹੋਈ। ਦੇਸ਼ ਦੇ ਸੰਸਦੀ ਇਤਿਹਾਸ ਵਿੱਚ ਪਹਿਲੀ ਵਾਰੀ ਇੱਕੋ ਇਜਲਾਸ ਦੌਰਾਨ 30 ਬਿੱਲ ਪਾਸ ਹੋ ਗਏ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਅਫ਼ਸਰਾਂ ਖਿਲਾਫ਼ ਕਾਰਵਾਈ ਕਰਦਿਆਂ 47 ਅਫ਼ਸਰਾਂ ਨੂੰ ਜਬਰੀ ਸੇਵਾ ਮੁਕਤ ਕਰਕੇ ਘਰ ਤੋਰਿਆ, ਜਿਸ ਨਾਲ ਸਰਕਾਰ ਦੇ ਕੰਮ ਕਰਨ ਦੇ ਢੰਗ-ਤਰੀਕੇ ’ਚ ਪਾਰਦਰਸ਼ਤਾ ਵਧੀ ਹੈ।













