ਚੰਡੀਗੜ੍ਹ,6 ਦਸੰਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ 17 ਸਾਲਾ ਜੁਨੈਦ ਖਾਨ, ਜਿਸ ਦਾ ਰੇਲ ਗੱਡੀ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ, ਦੇ ਕਤਲ ਕੇਸ ’ਚ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਜੁਨੈਦ ਦੇ ਪਰਿਵਾਰ ਵੱਲੋਂ ਇਸ ਮਾਮਲੇ ਦੀ ਸੀਬੀਆਈ ਜਾਂਚ ਬਾਰੇ ਦਾਖ਼ਲ ਅਰਜ਼ੀ ਉਤੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸੀਬੀਆਈ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜੁਨੈਦ ਦੇ ਪਿਤਾ ਜਲਾਲੂਦੀਨ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਦੱਸਿਆ, ‘ਹਾਈ ਕੋਰਟ ਨੇ ਅੱਜ ਫਰੀਦਾਬਾਦ ਸਥਿਤ ਅਦਾਲਤ ਦੀ ਕਾਰਵਾਈ ਉਤੇ ਰੋਕ ਲਗਾ ਦਿੱਤੀ ਹੈ।’ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਸਿੰਗਲ ਬੈਂਚ ਨੇ 27 ਨਵੰਬਰ ਨੂੰ ਰੱਦ ਕਰ ਦਿੱਤੀ ਸੀ, ਜਿਸ ਨੂੰ ਜਲਾਲੂਦੀਨ ਨੇ ਪਿਛਲੇ ਹਫ਼ਤੇ ਚੁਣੌਤੀ ਦਿੱਤੀ ਸੀ।