ਪੇਈਚਿੰਗ, 6 ਸਤੰਬਰ

ਚੀਨ ਨੇ ਅੱਜ ਕਿਹਾ ਕਿ ਉਸ ਨੇ ਇਸ ਸਾਲ ਦੇ ਜੀ20 ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਦਾ ਸਮਰਥਨ ਕੀਤਾ ਹੈ ਤੇ ਉਹ ਇਸ ਹਫ਼ਤੇ ਨਵੀਂ ਦਿੱਲੀ ਵਿਚ ਹੋਣ ਵਾਲੇ ਆਲਮੀ ਸੰਮੇਲਨ ਦੀ ਸਫ਼ਲਤਾ ਲਈ ਸਾਰੀਆਂ ਧਿਰਾਂ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਐਲਾਨ ਕਿ ਜੀ20 ਸਿਖਰ ਸੰਮੇਲਨ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਥਾਂ ਪ੍ਰਧਾਨ ਮੰਤਰੀ ਲੀ ਕਿਆਂਗ ਚੀਨ ਦੀ ਨੁਮਾਇੰਦਗੀ ਕਰਨਗੇ, ਤੋਂ ਇਕ ਦਿਨ ਬਾਅਦ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਹਮੇਸ਼ਾ ਜੀ20 ਸਮੂਹ ਨੂੰ ਅਹਿਮੀਅਤ ਦਿੰਦਾ ਹੈ ਤੇ ਸਬੰਧਤ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਹੈ। ਬੁਲਾਰੇ ਨੇ ਕਿਹਾ ਕਿ ਜੀ20 ਕੌਮਾਂਤਰੀ ਆਰਥਿਕ ਸਹਿਯੋਗ ਦਾ ਪ੍ਰਮੁੱਖ ਮੰਚ ਹੈ। ਸਰਹੱਦੀ ਵਿਵਾਦ ਦਾ ਜ਼ਿਕਰ ਕੀਤੇ ਬਿਨਾਂ ਤਰਜਮਾਨ ਨੇ ਕਿਹਾ ਕਿ ਚੀਨ-ਭਾਰਤ ਦੇ ਸਬੰਧ ਕੁੱਲ-ਮਿਲਾ ਕੇ ਸਥਿਰ ਹਨ ਤੇ ‘ਦੋਵਾਂ ਧਿਰਾਂ ਨੇ ਵੱਖ-ਵੱਖ ਪੱਧਰਾਂ ਉਤੇ ਗੱਲਬਾਤ ਤੇ ਸੰਪਰਕ ਕਾਇਮ ਰੱਖਿਆ ਹੈ।’ ਚੀਨ ਦੇ ਪ੍ਰਧਾਨ ਮੰਤਰੀ ਲੀ 5 ਤੋਂ 8 ਸਤੰਬਰ ਤੱਕ ਇੰਡੋਨੇਸ਼ੀਆ ਵਿਚ ਆਸੀਆਨ ਸੰਮੇਲਨ ’ਚ ਚੀਨ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਬਾਅਦ ਉਹ ਭਾਰਤ ਆਉਣਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਜਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਜ਼ ਇਨਾਸੀਓ ਲੂਲਾ ਦਾ ਸਿਲਵਾ ਪਹਿਲਾਂ ਹੀ ਭਾਰਤ ਵਿਚ ਹੋਣ ਵਾਲੇ ਜੀ20 ਸੰਮੇਲਨ ’ਚ ਹਿੱਸਾ ਲੈਣ ਦੀ ਪੁਸ਼ਟੀ ਕਰ ਚੁੱਕੇ ਹਨ।