ਨਵੀਂ ਦਿੱਲੀ, 11 ਜਨਵਰੀ

ਹਾਲ ਹੀ ’ਚ ਵਿਆਹੀ ਗੌਹਰ ਖ਼ਾਨ ਖ਼ੁਸ਼ ਹੈ ਕਿ ਉਸ ਨੇ ਜ਼ੈਦ ਦਰਬਾਰ ਨਾਲ ਜੁੜਨ ਤੋਂ ਪਹਿਲਾਂ ਸਮਾਂ ਖ਼ਰਾਬ ਨਹੀਂ ਕੀਤਾ। ਗੌਹਰ ਨੇ ਆਈਏਐੱਨਐੱਸ ਨੂੰ ਦੱਸਿਆ, ‘‘ਇਹ ਸ਼ਾਨਦਾਰ ਹੈ! ਮੈਂ ਬੇਹੱਦ ਖ਼ੁਸ਼ ਹਾਂ ਅਤੇ ਆਪਣੇ ਆਪ ਨੂੰ ਖੁਸ਼ਕਿਮਸਤ ਮੰਨਦੀ ਹਾਂ ਕਿ ਮੈਂ ਜ਼ੈਦ ਨੂੰ ਲੱਭਿਆ ਅਤੇ ਇਹੀ ਕਾਰਨ ਹੈ ਕਿ ਸਾਨੂੰ ਇੱਕ ਹੋਣ ਲਈ ਬਹੁਤਾ ਸਮਾਂ ਨਹੀਂ ਲੱਗਿਆ।’’ ਅਦਾਕਾਰਾ ਅਤੇ ‘ਬਿੱਗ ਬੌਸ 7’’ ਦੀ ਜੇਤੂ ਗੌਹਰ ਖਾਨ ਨੇ ਕ੍ਰਿਸਮਸ ਮੌਕੇ ਕੰਪੋਜ਼ਰ ਇਸਮਾਈਲ ਦਰਬਾਰ ਦੇ ਪੁੱਤਰ ਤੇ ਅਦਾਕਾਰ-ਡਾਂਸਰ ਜ਼ੈਦ ਨਾਲ ਵਿਆਹ ਕਰਵਾਇਆ ਸੀ। ਨਵੇਂ ਵਿਆਹੇ ਜੋੜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਸੋਸ਼ਲ ਮੀਡੀਆ ਜ਼ਰੀਏ ਆਪਣੇ ਰਿਸ਼ਤੇ ਅਤੇ ਵਿਆਹ ਦੀ ਤਰੀਕ ਦਾ ਐਲਾਨ ਪ੍ਰਸ਼ੰਸਕਾਂ ਸਾਹਮਣੇ ਕੀਤਾ ਸੀ ਅਤੇ ਫਿਰ ਤਿਆਰੀਆਂ ਸਬੰਧੀ ਫੋਟੋਆਂ ਦੇ ਨਾਲ-ਨਾਲ ਲੌਕਡਾਊਨ ਦੀ ਆਪਣੀ ਪ੍ਰੇਮ ਕਹਾਣੀ ਨੂੰ ਲਗਾਤਾਰ ਅਪਡੇਟ ਕਰਦੇ ਰਹੇ। ਗੌਹਰ ਇਸ ਸਮੇਂ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਤਾਂਡਵ’ ਦੀਆਂ ਤਿਆਰੀਆਂ ’ਚ ਲੱਗੀ ਹੋਈ ਹੈ, ਜੋ ਕਿ ਭਾਰਤੀ ਰਾਜਨੀਤੀ ਨਾਲ ਸਬੰਧਤ ਹੈ। ਇਸ ਸ਼ੋਅ ਵਿੱਚ ਸੈਫ ਅਲੀ ਖ਼ਾਨ, ਡਿੰਪਲ ਕਪਾਡੀਆ, ਸੁਨੀਲ ਗਰੋਵਰ, ਮੁਹੰਮਦ ਜ਼ੀਸਾਨ ਅਯੂਬ ਅਤੇ ਸਾਰਾਹ ਜੇਨ ਡਿਆਸ ਕੰਮ ਕਰ ਰਹੇ ਹਨ।