ਪੈਰਿਸ : ਪਿਛਲੇ ਕੁਝ ਸਮੇਂ ਤੋਂ ਲਗਾਤਾਰ ਖਰਾਬ ਪ੍ਰਦਰਸ਼ਨ ਕਰ ਰਹੀ ਜਰਮਨੀ ਦੀ ਟੀਮ ਨੂੰ ਮੰਗਲਵਾਰ ਨੂੰ ਵਿਸ਼ਵ ਚੈਂਪੀਅਨ ਫ੍ਰਾਂਸ਼ ਦੇ ਹੱਥੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਹ ਯੂ. ਈ. ਐੱਫ. ਏ. ਨੇਸ਼ਨਸ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਖਿਤਾਬ ਦੀ ਦੌੜ ਤੋਂ ਬਾਹਰ ਹੋ ਗਈ। ਅਲੋਚਕਾਂ ਦੇ ਨਿਸ਼ਾਨੇ ‘ਤੇ ਚਲ ਰਹੇ ਜਰਮਨੀ ਦੇ ਕੋਚ ਜੋਚਿਮ ਲਿਯੁ ਨੇ ਹਾਲਾਂਕਿ ਇਸ ਹਾਰ ਦੇ ਬਾਵਜੂਦ ਆਪਣੀ ਟੀਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਫ੍ਰਾਂਸ ਨੂੰ ਗਲਤ ਪੈਨਲਟੀ ਦਿੱਤੀ ਗਈ। ਟੋਨੀ ਕਰੂਸ ਨੇ 14ਵੇਂ ਮਿੰਟ ਵਿਚ ਪੈਨਲਟੀ ‘ਤੇ ਗੋਲ ਕਰ ਕੇ ਜਰਮਨੀ ਨੂੰ ਬੜ੍ਹਤ ਦਿਵਾ ਦਿੱਤੀ ਪਰ ਐਂਟਨੀ ਗ੍ਰੀਜਮੈਨ ਦੇ ਦੂਜੇ ਹਾਫ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਫ੍ਰਾਂਸ ਜਿੱਤ ਹਾਸਲ ਕਰਨ ਵਿਚ ਸਫਲ ਰਿਹਾ। ਗ੍ਰੀਜਮੈਨ ਨੇ 62ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ ਅਤੇ ਫਿਰ 80ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ‘ਚ ਬਦਲ ਦਿੱਤਾ।
ਜਰਮਨੀ ਦੀ ਪਿਛਲੇ 10 ਮੈਚਾਂ ਵਿਚ 6ਵੀਂ ਹਾਰ ਹੈ ਜਿਸ ਦਾ ਮਤਲਬ ਹੈ ਕਿ ਉਹ ਨੇਸ਼ਨਸ ਲੀਗ ਵਿਚ ਖਿਤਾਬ ਦੀ ਦੌੜ ਤੋਂ ਬਾਹਰ ਹੋ ਗਏ। ਉਸ ਨੂੰ ਹੇਠਲੀ ਕਲਾਸ ਵਿਚ ਜਾਣ ਤੋਂ ਬਚਣ ਲਈ 19 ਨਵੰਬਰ ਨੂੰ ਨੀਦਰਲੈਂਡ ‘ਤੇ ਹਰ ਹਾਲ ‘ਚ ਜਿੱਤ ਦਰਜ ਕਰਨੀ ਹੋਵੇਗੀ। ਨੇਸ਼ਨਸ ਲੀਗ ਦੇ ਹੋਰ ਮੈਚਾਂ ਵਿਚ ਯੁਕ੍ਰੇਨ ਨੇ ਚੈਕ ਗਣਰਾਜ ਨੂੰ 1-0 ਨਾਲ, ਜਾਰਜੀਆ ਨੇ ਲਾਟਵੀਆ ਨੂੰ 3-0 ਨਾਲ, ਵੇਲਸ ਨੇ ਆਇਰਲੈਂਡ ਨੂੰ 1-0 ਨਾਲ ਅਤੇ ਨਾਰਵੇ ਨੇ ਬੁਲਗਾਰੀਆ ਨੂੰ 1-0 ਨਾਲ ਹਰਾਇਆ।













