ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਇੱਕ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਜਦੋਂ ਦਸੰਬਰ ਦੀ ਠੰਢੀ ਰਾਤ ਨੂੰ ਇੱਕ ਨਵਜੰਮੇ ਬੱਚੇ ਦੇ ਮਾਪੇ ਉਸਨੂੰ ਟਾਇਲਟ ਦੇ ਬਾਹਰ ਛੱਡ ਕੇ ਫਰਾਰ ਹੋ ਗਏ। ਇੱਕ ਨਵਜੰਮੇ ਬੱਚੇ ਨੂੰ ਇੰਨੇ ਖ਼ਤਰਨਾਕ ਢੰਗ ਨਾਲ ਸੜਕ ‘ਤੇ ਛੱਡਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਹਾਲਾਂਕਿ, ਗਲੀ ਦੇ ਕੁੱਤਿਆਂ ਨੇ ਬੱਚੇ ਦੀ ਰਖਵਾਲੀ ਕੀਤੀ। ਆਵਾਰਾ ਕੁੱਤਿਆਂ ਦਾ ਇੱਕ ਝੁੰਡ ਸਾਰੀ ਰਾਤ ਬੱਚੇ ਦੀ ਰਾਖੀ ਕਰਦਾ ਰਿਹਾ ਅਤੇ ਸਵੇਰੇ ਬੱਚੇ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ।
ਰਿਪੋਰਟਾਂ ਮੁਤਾਬਕ ਬੱਚਾ ਨਾਦੀਆ ਜ਼ਿਲ੍ਹੇ ਵਿੱਚ ਇੱਕ ਰੇਲਵੇ ਕਰਮਚਾਰੀ ਕਾਲੋਨੀ ਵਿੱਚ ਮਿਲਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਬੱਚੇ ਨੂੰ ਇੱਕ ਵਾਸ਼ਰੂਮ ਦੇ ਬਾਹਰ ਫਰਸ਼ ‘ਤੇ ਬਿਨ੍ਹਾਂ ਕੱਪੜੇ ਦੇ ਜਮੀਨ ‘ਤੇ ਛੱਡਿਆ ਗਿਆ ਸੀ। ਬਾਅਦ ਵਿੱਚ ਉਥੇਦੇ ਲੋਕਾਂ ਨੇ ਦੱਸਿਆ ਕਿ ਕਈ ਅਵਾਰਾ ਕੁੱਤਿਆਂ ਨੇ ਬੱਚੇ ਦੇ ਚਾਰੇ ਪਾਸੇ ਘੇਰਾ ਬਣਾ ਲਿਆ ਤੇ ਸਵੇਰ ਤੱਕ ਉਥੇ ਹੀ ਰਹੇ ਤੇ ਜਦੋਂ ਬੱਚੇ ਨੂੰ ਉਥੋਂ ਚੁੱਕ ਲਿਆ ਗਿਆ ਤਾਂ ਹੀ ਕੁੱਤਿਆਂ ਦਾ ਝੁੰਡ ਪਾਸੇ ਹੋਇਆ।
ਸ਼ੁਕਲਾ ਮੰਡਲ, ਬੱਚੇ ਨੂੰ ਦੇਖਣ ਵਾਲੇ ਸਭ ਤੋਂ ਪਹਿਲਾਂ ਲੋਕਾਂ ਵਿੱਚੋਂ ਇੱਕ, ਨੇ ਨਿਊਸ ਏਜੰਸੀ ਨੂੰ ਦੱਸਿਆ, “ਜਾਗਣ ‘ਤੇ, ਅਸੀਂ ਕੁਝ ਅਜਿਹਾ ਦੇਖਿਆ ਜਿਸ ਨਾਲ ਸਾਡੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ।” ਉਨ੍ਹਾਂ ਕਿਹਾ, “ਕੁੱਤੇ ਹਮਲਾਵਰ ਨਹੀਂ ਸਨ। ਉਹ ਅਲਰਟ ਦਿਸ ਰਹੇ ਸਨ, ਜਿਵੇਂ ਕਿ ਉਨ੍ਹਾਂ ਨੂੰ ਸਮਝ ਆ ਗਿਆ ਹੋਵੇ ਕਿ ਬੱਚਾ ਜੀਊਣ ਲਈ ਲੜ ਰਿਹਾ ਹੈ।”
ਫਿਰ ਇੱਕ ਸਥਾਨਕ ਵਿਅਕਤੀ ਨੇ ਬੱਚੇ ਨੂੰ ਆਪਣੀ ਚੁੰਨੀ ਵਿੱਚ ਲਪੇਟਿਆ ਅਤੇ ਗੁਆਂਢੀਆਂ ਨੂੰ ਦੱਸਿਆ। ਬੱਚੇ ਨੂੰ ਮਹੇਸ਼ਗੰਜ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਕ੍ਰਿਸ਼ਨਾਨਗਰ ਸਦਰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਕਿਹਾ ਕਿ ਉਸ ਦੇ ਸਿਰ ‘ਤੇ ਪਾਇਆ ਗਿਆ ਖੂਨ ਜਨਮ ਵੇਲੇ ਦਾ ਜਾਪਦਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।














