ਮੁੰਬਈ:ਬੌਲੀਵੁੱਡ ਅਦਾਕਾਰਾ ਚਿਤਰਾਸ਼ੀ ਰਾਵਤ ਉਰਫ ਕੋਮਲ ਚੌਟਾਲਾ ਦੀ ਸ਼ਾਹਰੁਖ਼ ਖਾਨ ਨਾਲ ਸਭ ਤੋਂ ਮਕਬੂਲ ਫਿਲਮ ‘ਚੱਕ ਦੇ ਇੰਡੀਆ’ ਨੇ ਅੱਜ ਰਿਲੀਜ਼ ਹੋਣ ਤੋਂ ਬਾਅਦ 14 ਸਾਲ ਪੂਰੇ ਕਰ ਲਏ ਹਨ। ਇਸ ਫਿਲਮ ਵਿਚ ਕੋਮਲ ਦਾ ਕਿਰਦਾਰ ਅੱਜ ਵੀ ਤਰੋ-ਤਾਜ਼ਾ ਹੈ। ਚਿਤਰਾਸ਼ੀ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਜਦ ਉਹ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਲਗਦਾ ਹੈ ਕਿ ਫਿਲਮ ਨਾਲ ਜੁੜਿਆ ਹਰ ਪਲ ਕਦੀ ਵੀ ਨਾ ਭੁੱਲਣ ਵਾਲੇ ਹਨ। ਉਸ ਨੇ ਦੱਸਿਆ ਕਿ ਇਹ ਸੁਣ ਕੇ ਬੜਾ ਸਕੂਨ ਮਿਲਦਾ ਹੈ ਜਦ ਲੋਕ ਤੁਹਾਨੂੰ ਤੇ ਤੁਹਾਡੀਆਂ ਫਿਲਮਾਂ ਨੂੰ ਚੇਤੇ ਕਰਦੇ ਹਨ। ਇਸ ਫਿਲਮ ਨੇ ਲੋਕਾਂ ’ਤੇ ਹਾਂ-ਪੱਖੀ ਪ੍ਰਭਾਵ ਪਾਏ। ਲੋਕ ਹੁਣ ਵੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਹਿੰਦੇ ਹਨ ਕਿ ‘ਚੱਕ ਦੇ’। ਚਿਤਰਾਸ਼ੀ ਨੇ ਦੱਸਿਆ ਕਿ ਉਹ ਤੇ ਟੀਮ ਦੀਆਂ ਹੋਰ ਲੜਕੀਆਂ ਅਗਸਤ ਮਹੀਨੇ ਨੂੰ ਖਾਸ ਯਾਦ ਰੱਖਦੀਆਂ ਹਨ ਤੇ ਉਹ ਫਿਲਮ ਰਿਲੀਜ਼ ਹੋਣ ਵਾਲਾ ਦਿਨ 10 ਅਗਸਤ ਉਤਸ਼ਾਹ ਨਾਲ ਮਨਾਉਂਦੀਆਂ ਹਨ। ਚਿਤਰਾਸ਼ੀ ਨੇ ‘ਚੱਕ ਦੇ ਇੰਡੀਆ’ ਫਿਲਮ ਨਾਲ ਬੌਲੀਵੁੱਡ ਵਿਚ ਪੈਰ ਧਰਿਆ ਸੀ। ਇਸ ਫਿਲਮ ਵਿਚ ਸ਼ਾਹਰੁਖ ਖਾਨ ਭਾਰਤੀ ਹਾਕੀ ਟੀਮ ਦੇ ਕੋਚ ਵਜੋਂ ਦਿਖਾਈ ਦਿੰਦੇ ਹਨ।