ਚੰਡੀਗੜ੍ਹ: ਚੰਡੀਗੜ੍ਹ ਨੂੰ ਮੰਗਲਵਾਰ ਨੂੰ ਅਧਿਕਾਰਤ ਤੌਰ ’ਤੇ ਭਾਰਤ ਦਾ ਪਹਿਲਾ ਝੁੱਗੀ-ਝੌਂਪੜੀ ਮੁਕਤ ਸ਼ਹਿਰ ਐਲਾਨਿਆ ਗਿਆ, ਜਦੋਂ ਸ਼ਹਿਰ ਦੀ ਆਖਰੀ ਝੁੱਗੀ ਬਸਤੀ ਸ਼ਾਹਪੁਰ ਕਲੋਨੀ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਸਥਾਨਕ ਪ੍ਰਸ਼ਾਸਨ ਦੀ 12 ਸਾਲਾਂ ਦੀ ਮੁਹਿੰਮ ਦਾ ਸਿੱਟਾ ਸੀ, ਜਿਸ ਨਾਲ ਸ਼ਹਿਰ ਭਰ ਵਿੱਚ 520 ਏਕੜ ਤੋਂ ਵੱਧ ਸਰਕਾਰੀ ਜ਼ਮੀਨ ਮੁੜ ਹਾਸਲ ਕੀਤੀ ਗਈ।

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਸਬੰਧੀਿ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਾਹਪੁਰ ਕਲੋਨੀ ਦੀ ਢਾਹੁਣ ਨਾਲ 5 ਏਕੜ ਜ਼ਮੀਨ ਹੋਰ ਮੁਕਤ ਕਰਵਾਈ ਗਈ ਹੈ। ਉਹਨਾਂ ਨੇ ਕਿਹਾ ਕਿ , “ਸ਼ਾਹਪੁਰ ਕਲੋਨੀ ਦੀ ਢਾਹੁਣ ਨਾਲ ਚੰਡੀਗੜ੍ਹ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਹੋਇਆ ਹੈ।”

ਝੁੱਗੀਆਂ ਨੂੰ ਹਟਾਉਣ ਦੀ ਮੁਹਿੰਮ ਸ਼ਹਿਰ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਸੀ। ਸਭ ਤੋਂ ਵੱਡੀਆਂ ਬਸਤੀਆਂ ਵਿੱਚੋਂ ਕਲਿਆਣ ਕਲੋਨੀ ਸੀ, ਜਿੱਥੋਂ 2014 ਵਿੱਚ 89 ਏਕੜ ਜ਼ਮੀਨ ਮੁਕਤ ਕਰਵਾਈ ਗਈ। ਉੱਥੇ ਹੀ ਇਸੇ ਸਾਲ ਅੰਬੇਡਕਰ ਕਲੋਨੀ ਨੂੰ ਢਾਹ ਕੇ 65 ਏਕੜ ਜ਼ਮੀਨ ਹਾਸਲ ਕੀਤੀ ਗਈ ਅਤੇ 2022 ਵਿੱਚ ਕਲੋਨੀ ਨੰਬਰ 4 ਤੋਂ ਹੋਰ 65 ਏਕੜ ਜ਼ਮੀਨ ਮੁਕਤ ਕੀਤੀ ਗਈ।

ਇਸ ਸਾਲ 2,500 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਜ਼ਮੀਨ ’ਤੇ ਅਣਅਧਿਕਾਰਤ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਜਾਰੀ ਰਹੀ। ਸੋਮਵਾਰ ਸਵੇਰੇ ਸ਼ਾਹਪੁਰ ਵਿੱਚ ਸੁਰੱਖਿਅਤ ਨਿਕਾਸੀ ਅਤੇ ਢਾਹੁਣ ਦੀ ਨਿਗਰਾਨੀ ਲਈ ਪੁਲਿਸ ਤਾਇਨਾਤ ਕੀਤੀ ਗਈ। ਹਾਲ ਹੀ ਦੇ ਸਾਲਾਂ ਵਿੱਚ ਅਦਰਸ਼ ਕਲੋਨੀ, ਸੈਕਟਰ 25 ਕਲੋਨੀ ਅਤੇ ਇੰਡਸਟਰੀਅਲ ਏਰੀਆ ਦੀ ਸੰਜੇ ਕਲੋਨੀ ਵਰਗੀਆਂ ਹੋਰ ਵੱਡੀਆਂ ਬਸਤੀਆਂ ਨੂੰ ਵੀ ਹਟਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਯਤਨਾਂ ਨੇ ਸ਼ਹਿਰੀ ਵਿਕਾਸ ਅਤੇ ਜਨਤਕ ਸਥਾਨਾਂ ਦੀ ਬਹਾਲੀ ਦਾ ਰਾਹ ਪੱਧਰਾ ਕੀਤਾ ਹੈ। ਦੋ ਮਹੀਨੇ ਪਹਿਲਾਂ ਵੀ ਅਸਟੇਟ ਵਿਭਾਗ ਨੇ ਇਸ ਮੁਹਿੰਮ ਦੇ ਹਿੱਸੇ ਵਜੋਂ ਹੋਰ ਜ਼ਮੀਨਾਂ ਨੂੰ ਸਫਲਤਾਪੂਰਵਕ ਮੁਕਤ ਕਰਵਾਇਆ ਸੀ।