ਸੰਯੁਕਤ ਰਾਸ਼ਟਰ/ਜਨੇਵਾ, 19 ਅਕਤੂਬਰ
ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊਐੱਚਓ) ਦੀ ਤਕਨੀਕੀ ਟੀਮ ਵਲੋਂ ਕੋਵੈਕਸੀਨ ਦੀ ਹੰਗਾਮੀ ਹਾਲਤ ਵਿਚ ਵਰਤੋਂ ਦੇ ਮਾਮਲੇ ਵਿਚ 26 ਅਕਤੂਬਰ ਨੂੰ ਮੀਟਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਡਬਲਿਊਐਚਓ ਦੇ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਦਿੰਦਿਆਂ ਦੱਸਿਆ ਕਿ ਇਹ ਕਰੋਨਾ ਰੋਕੂ ਟੀਕਾ ਇਸ ਵੇਲੇ ਭਾਰਤ ਵਿਚ ਵੱਡੇ ਪੱਧਰ ’ਤੇ ਲਾਇਆ ਜਾ ਰਿਹਾ ਹੈ। ਇਹ ਪਤਾ ਲੱਗਾ ਹੈ ਕਿ 26 ਅਕਤੂਬਰ ਦੀ ਮੀਟਿੰਗ ਵਿਚ ਕੋਵੈਕਸੀਨ ਨੂੰ ਹੰਗਾਮੀ ਹਾਲਤ ਵਿਚ ਵਰਤੋਂ ਲਈ ਮਨਜ਼ੂਰੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਬਾਇਓਟੈਕ ਵੱਲੋਂ ਕੋਵੈਕਸੀਨ ਸਬੰਧੀ ਦਸਤਾਵੇਜ਼ ਸਿਹਤ ਏਜੰਸੀ ਨੂੰ 19 ਅਪਰੈਲ ਨੂੰ ਸੌਂਪ ਦਿੱਤੇ ਗਏ ਸਨ। ਸਿਹਤ ਏਜੰਸੀ ਦੇ ਮੁੱਖ ਵਿਗਿਆਨੀ ਨੇ ਟਵਿੱਟਰ ’ਤੇ ਦੱਸਿਆ ਕਿ ਕੋਵੈਕਸੀਨ ਦੀ ਹੰਗਾਮੀ ਹਾਲਤ ਵਿਚ ਵਰਤੋਂ ਕਰਨ ਸਬੰਧੀ ਦਸਤਾਵੇਜ਼ਾਂ ’ਤੇ 26 ਅਕਤੂਬਰ ਨੂੰ ਤਕਨੀਕੀ ਟੀਮ ਵਲੋਂ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਬਲਿਊਐਚਓ ਇਸ ਟੀਕੇ ਨੂੰ ਹੰਗਾਮੀ ਹਾਲਤ ਵਿਚ ਵਰਤਣ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਿਹਾ ਹੈ ਤੇ ਇਸ ਟੀਕੇ ਨੂੰ ਵਿਸ਼ਵ ਵਿਆਪੀ ਮਨਜ਼ੂਰੀ ਦੇਣ ਲਈ ਕੰਮ ਕਰ ਰਿਹਾ ਹੈ। ਕੋਵੈਕਸੀਨ ਭਾਰਤੀ ਦੀ ਪਹਿਲੀ ਵੈਕਸੀਨ ਹੈ ਜਿਸ ਨੂੰ ਆਈਸੀਐਮਆਰ ਤੇ ਐਨਆਈਵੀ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਡਬਲਿਊਐਚਓ ਨੇ ਹੁਣ ਤਕ ਛੇ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਵਿਚ ਫਾਈਜ਼ਰ ਬਾਇਓਐਨਟੈਕ, ਜੌਹਨਸਨ ਐਂਡ ਜੌਹਨਸਨ, ਆਕਸਫੋਰਡ ਐਸਟਰਾਜ਼ੈਨੇਕਾ, ਮਾਡਰਨਾ, ਸਿਨੋਫਾਰਮ ਤੇ ਸਿਨੋਵੈਕ ਸ਼ਾਮਲ ਹਨ।