ਟੋਰਾਂਟੋ — ਕੈਨੇਡਾ ਸਰਕਾਰ ਅਤੇ ਇੰਮੀਗ੍ਰੇਸ਼ਨ ਵੱਲੋਂ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਨਵੇਂ ਨਿਯਮਾਂ ‘ਚ ਢਿੱਲ ਦੇਣ ਮਗਰੋਂ ਨਾਗਰਿਕਤਾ ਪਾਉਣ ਦੀਆਂ ਅਰਜ਼ੀਆਂ ‘ਚ ਭਾਰੀ ਵਾਧਾ ਹੋਇਆ ਹੈ।
ਜਾਣਕਾਰੀ ਮੁਤਾਬਕ 31 ਅਕਤੂਬਰ ਤੋਂ ਨਵੇਂ ਨਿਯਮਾਂ ਲਾਗੂ ਕੀਤੇ ਗਏ ਸਨ, ਜਿਸ ਤੋਂ ਬਾਅਦ ਅੰਕੜਿਆਂ ਨਾਲ ਹਿਸਾਬ ਲਾਇਆ ਜਾ ਸਕਦਾ ਹੈ ਕਿ ਕਿਵੇਂ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਨਵੇਂ ਨਿਯਮਾਂ ਲਾਗੂ ਹੋਣ ਤੋਂ ਪਹਿਲਾਂ ਇਕ ਹਫਤੇ ‘ਚ ਕਰੀਬ 3,600 ਬਿਨੈਕਾਰ ਆਪਣੀਆਂ ਅਰਜ਼ੀਆਂ ਇੰਮੀਗ੍ਰੇਸ਼ਨ ‘ਚ ਦਾਖਲ ਕਰਾਉਂਦੇ ਸਨ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਜਿੱਥੇ ਪਹਿਲਾਂ ਇਕ ਹਫਤੇ ‘ਚ ਕਰੀਬ 3,600 ਅਰਜ਼ੀਆਂ ਦਾਖਲ ਹੁੰਦੀਆਂ ਸਨ, ਉਥੇ ਹੀ ਹੁਣ ਇਕ ਹਫਤੇ ਦੇ ਅੰਦਰ ਕਰੀਬ 17,500 ਅਰਜ਼ੀਆਂ ਜਮ੍ਹਾਂ ਹੋ ਰਹੀਆਂ ਹਨ।
ਇੰਮੀਗ੍ਰਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਨੇਡਾ ‘ਚ ਲੋਕਾਂ ਦੀ ਵਸੋ ਅਤੇ ਕੈਨੇਡਾ ਨੂੰ ਤਰੱਕੀ ਦੇ ਰਾਹ ਵਧਾਉਣ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਤਾਂ ਜੋਂ ਇਥੇ ਰਹਿ ਰਹੇ ਅਤੇ ਕੰਮ ਕਰ ਰਹੇ ਅਪ੍ਰਵਾਸੀਆਂ ਨੂੰ ਨਾਗਰਿਕਤਾ ਦਿੱਤੀ ਜਾ ਸਕੇ। ਪਿਛਲੇ ਸਾਲ ਮੁਤਾਬਕ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਕਰੀਬ 2,00,000 ਬਿਨੈਕਾਰਾਂ ਨੇ ਆਪਣੀ ਅਰਜ਼ੀਆਂ ਜਮ੍ਹਾਂ ਕਰਾਈਆਂ ਸਨ। ਬੁਲਾਰੇ ਨੇ ਕਿਹਾ ਕਿ ਕੈਨੇਡਾ ‘ਚ ਲੋਕਾਂ ਦੀ ਵਸੋਂ ਵਧਣ ਨਾਲ ਕੈਨੇਡਾ ਆਰਥਿਕ ਅਤੇ ਸਮਾਜਿਕ ਪੱਖੋਂ ਹੋਰ ਮਜ਼ਬੂਤ ਹੋਵੇਗਾ।
ਕੈਨੇਡਾ ‘ਚ ਨਵੇਂ ਨਿਯਮ ਲਾਗੂ ਹੋਣ ਨਾਲ ਉਥੇ ਅਸਥਾਈ ਢੰਗ ਨਾਲ ਕੰਮ ਕਰ ਰਹੇ ਅਤੇ ਪੱੜ੍ਹ ਰਹੇ ਹੋਰਨਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਹੁਣ ਘੱਟ ਮੁਸ਼ਕਤ ਕਰਨੀ ਪਵੇਗੀ। ਪਹਿਲਾਂ ਜਿੱਥੇ 5 ਤੋਂ 6 ਸਾਲ ਤੱਕ ਨਾਗਰਿਕਤਾ ਹਾਸਲ ਕਰਨ ਲਈ ਸਬਰ ਕਰਨਾ ਪੈਂਦਾ ਸੀ ਉਥੇ ਹੀ ਹੁਣ ਉਸ ਦੀ ਮਿਆਦ ਘੱਟਾ ਕੇ 3 ਤੋਂ 5 ਸਾਲ ਕਰ ਦਿੱਤੀ ਗਈ ਹੈ। ਇਸ ‘ਚ ਉਮਰ ਦੀ ਮਿਆਦ ਨੂੰ ਵਧਾ ਦਿੱਤਾ ਗਿਆ ਹੈ।