ਬ੍ਰਿਟਿਸ਼ ਕੋਲੰਬੀਆ: ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਨੇੜੇ ਦੇਵੀਦਾਸ ਪੁਰਾ ਪਿੰਡ ਵਿੱਚ ਉਸ ਸਮੇ ਸੋਗ ਫੈਲ ਗਿਆ ਜਦੋਂ ਖ਼ਬਰ ਆਈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਵਿੱਚ ਰਹਿਣ ਵਾਲੇ ਨੌਜਵਾਨ ਸਿਮਰਨਜੀਤ ਸਿੰਘ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲਗਭਗ ਇੱਕ ਮਹੀਨਾ ਪਹਿਲਾਂ ਕੈਨੇਡਾ ਵਿੱਚ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸਦੀ ਲਾਸ਼ ਝਾੜੀਆਂ ਵਿੱਚੋਂ ਬਰਾਮਦ ਕੀਤੀ ਗਈ ਸੀ।
ਦੱਸ ਦਈਏ ਕਿ ਨੌਜਵਾਨ ਦੀ ਲਾਸ਼ ਨੂੰ ਹੁਣ ਪੰਜਾਬ ਲਿਆਂਦਾ ਗਿਆ ਹੈ। ਸਿਮਰਨਜੀਤ ਸਿੰਘ ਸੰਧੂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਸਦੇ ਰੂਮਮੇਟ ਨੇ ਉਸਦਾ ਕਤਲ ਕੀਤਾ ਹੈ। ਨੌਜਵਾਨ ਦੋ ਮਹੀਨੇ ਪਹਿਲਾਂ ਹੀ ਦੋ ਨੌਜਵਾਨਾਂ ਅਤੇ ਇੱਕ ਨੌਜਵਾਨ ਔਰਤ ਨਾਲ ਇੱਕ ਨਵੇਂ ਘਰ ਵਿੱਚ ਰਹਿਣ ਲਈ ਆਇਆ ਸੀ। ਉਸਦੇ ਕੋਲ 10 ਲੱਖ ਰੁਪਏ ਸਨ, ਜੋ ਉਸਨੇ ਆਪਣੀ ਆਖਰੀ ਵੀਡੀਓ ਕਾਲ ਦੌਰਾਨ ਦਿਖਾਏ ਸਨ। ਉਸ ਪੈਸੇ ਲਈ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ । ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਰਿਵਾਰ ਨੇ ਦੱਸਿਆ ਕਿ ਸਿਮਰਨਜੀਤ 2023 ਵਿੱਚ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਉਸਦੇ ਪਿਤਾ ਕਿਸਾਨ ਹਨ। ਉਨ੍ਹਾਂ ਭਾਰੀ ਮਨ ਨਾਲ ਦੱਸਿਆ ਕਿ “ਮੈਂ ਆਪਣੇ ਪੁੱਤਰ ਨੂੰ ਬਹੁਤ ਉਮੀਦਾਂ ਨਾਲ ਵਿਦੇਸ਼ ਭੇਜਿਆ ਸੀ ਕਿ ਉਹ ਆਪਣੀ ਪੜ੍ਹਾਈ ਪੂਰੀ ਕਰੇਗਾ ਅਤੇ ਪਰਿਵਾਰ ਦਾ ਸਹਾਰਾ ਬਣੇਗਾ,” ਸਥਾਨਕ ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਤਲ ਕਿਸਨੇ ਅਤੇ ਕਿਸ ਕਾਰਨ ਕਰਕੇ ਕੀਤਾ ਹੈ। ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।














