ਪਠਾਨਕੋਟ, ਗੁਰਦਾਸਪੁਰ ਦੇ ਐਮ.ਪੀ. ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਫੰਡ ਦੇ ਪੈਦਾ ਹੋਏ ਸੰਕਟ ਲਈ ਮੋਦੀ ਸਰਕਾਰ ਨੂੰ ਜਿੰਮੇਦਾਰ ਠਹਿਰਾਉਂਦੇ ਹੋਏ ਕਿਹਾ ਕਿ ਕੇਂਦਰ ਸੂਬੇ ਦਾ ਜੀ.ਐਸ.ਟੀ. ਦਾ ਚਾਰ ਹਜ਼ਾਰ ਕਰੋੜ ਰੁਪਏ ਦਾ ਹਿੱਸਾ ਤੁਰੰਤ ਜਾਰੀ ਕਰੇ। ਸ਼੍ਰੀ ਜਾਖੜ ਪਠਾਨਕੋਟ ਦੇ ਡੇਰਾ ਸਵਾਮੀ ਜਗਤ ਗਿਰੀ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਹੋਏ ਸਨ। ਉਨ੍ਹਾਂ ਦੇ ਨਾਲ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੀ ਮੌਜੂਦ ਸਨ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਦੋਸ਼ਾਂ ਬਾਰੇ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਨੇ ਏਮਜ਼ ਦਾ ਕੋਈ ਫੰਡ ਨਹੀਂ ਰੋਕਿਆ ਹੈ। ਏਮਜ਼, ਮਾਲਵਾ ਵਿੱਚ ਕੈਂਸਰ ਰੀਸਰਚ ਇੰਸਟੀਚਿਊਟ ਅਤੇ ਹਸਪਤਾਲ ਦੇ ਪ੍ਰਾਜੈਕਟ ਕੇਂਦਰ ਦੀ ਵਿਤੀ ਸਹਾਇਤਾ ਨਾਲ ਬਣਨੇ ਹਨ ਇਸ ਲਈ ਕੈਪਟਨ ਸਰਕਾਰ ਉੱਤੇ ਇਲਜ਼ਾਮ ਲਗਾਉਣਾ ਗਲਤ ਹੈ। ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਦੇ ਨਾਤੇ ਪੰਜਾਬ ਦੇ ਹੱਕ ਲਈ ਮੋਦੀ ਸਰਕਾਰ ਤੋਂ ਫੰਡ ਮੰਗਣਾ ਚਾਹੀਂਦਾ ਹੈ। ਮਾਈਨਿੰਗ ਨੀਤੀ ਅਜੇ ਤੱਕ ਨਾ ਬਣਨ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੇ ਪੰਜਾਬ ਦੇ ਹਾਲਾਤ ਖ਼ਰਾਬ ਕੀਤੇ ਸਨ, ਉਸ ਨੂੰ ਸੁਧਾਰਨ ਵਿੱਚ ਥੋੜ੍ਹਾ ਸਮਾਂ ਲੱਗੇਗਾ।