ਸ੍ਰੀ ਆਨੰਦਪੁਰ ਸਾਹਿਬ, 22 ਦਸੰਬਰ

ਸਾਹਿਬ-ਏ-ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਵੱਲੋਂ ਸੰਨ 1704 ਵਿਚ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਛੱਡਡਣ ਵੇਲੇ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ, ਉਸ ਵਿਰਾਗਮਈ ਪਲ ਨੂੰ ਯਾਦ ਕਰਦਿਆਂ 6-7 ਪੋਹ ਦੀ ਦਰਮਿਆਨੀ ਰਾਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਸਮਾਗਮ ਵਿਚ ਜਿਥੇ ਪੰਥ ਪ੍ਰਸਿੱਧ ਕੀਰਤਨੀਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਬਾਣੀ ਰਸ ਨਾਲ ਜੋੜਿਆ ਓਥੇ ਹੀ ਵਿਸ਼ੇਸ਼ ਤੌਰ ਤੇ ਕਥਾਵਾਚਕ ਬਾਬਾ ਬੰਤਾ ਸਿੰਘ ਵੱਲੋਂ ਸੰਗਤਾਂ ਨੂੰ ਕਿਲ੍ਹਾ ਛੋੜ ਦਿਵਸ ਦੇ ਇਤਿਹਾਸ ਨੂੰ ਸਾਂਝਾ ਕੀਤਾ ਗਿਆ। ਸਿੱਖ ਇਤਿਹਾਸ ਦੀ ਇਸ ਵੱਡੀ ਘਟਨਾ ਨੂੰ ਰੂਪਮਾਨ ਕਰਦਿਆਂ ਬਾਬਾ ਕੁਲਵੰਤ ਸਿੰਘ ਲੱਖਾਂ ਵੱਲੋਂ 6-7 ਪੋਹ ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤ ਵੇਲੇ ਦਸਮੇਸ਼ ਅਲੌਕਿਕ ਪੈਦਲ ਮਾਰਚ ਸਜਾਇਆ ਗਿਆ। ਅੱਜ ਇਸ ਪੈਦਲ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ 5 ਪਿਆਰਿਆਂ, 5 ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਗੁਰੂ ਗ੍ਰੰਥ ਦੀ ਛਤਰਛਾਇਆ ਹੇਠ ਪੈਦਲ ਮਾਰਚ ਦੀ ਅਰੰਭਤਾ ਕੀੱਤੀ ਗਈ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ, ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ, ਕੈਬਿਨਟ ਮੰਤਰੀ ਬ੍ਰਮਹਸ਼ੰਕਰ ਜਿੰਪਾ, ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਸੰਗਤਾਂ ਦੇ ਨਾਲ ਇਸ ਪੈਦਲ ਮਾਰਚ ਵਿਚ ਹਾਜ਼ਰੀਆਂ ਭਰੀਆਂ ਗਈਆਂ। ਇਸ ਮੌਕੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਦੇ ਮੁਖੀ ਬਾਬਾ ਸੁੱਚਾ ਸਿੰਘ, ਬਾਬਾ ਸਤਨਾਮ ਸਿੰਘ, ਤਖਤ ਕੇਸਗੜ੍ਹ ਸਾਹਿਬ ਦੇ ਮੈਨਜਰ ਗੁਰਦੀਪ ਸਿੰਘ, ਐਡੀਸ਼ਨਲ ਮੈਨਜਰ ਐਡਵੋਕੇਟ ਹਰਦੇਵ ਸਿੰਘ, ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ, ਬਾਬਾ ਜਰਨੈਲ ਸਿੰਘ ਕਾਰ ਸੇਵਾ ਵਾਲੇ ਵੀ ਇਸ ਪੈਦਲ ਮਾਰਚ ਵਿਚ ਹਾਜ਼ਿਰ ਸਨ। ਇਹ ਪੈਦਲ ਮਾਰਚ ਪੜਾਅ ਦਰ ਪੜਾਅ ਅੱਗੇ ਵਧਦਿਆਂ ਗੁਰਦੁਆਰਾ ਮਹਿੰਦਿਆਣਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ।