ਮੁੰਬਈ :- ਅਦਾਕਾਰਾ ਭੂਮੀ ਪੇਡਨੇਕਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਅਜਿਹੀਆਂ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹੈ, ਜੋ ਔਰਤ ਦੇ ਕਿਰਦਾਰ ਸਹੀ ਢੰਗ ਨਾਲ ਪੇਸ਼ ਕਰਨ ਅਤੇ ਇਸ ਲਈ ਉਹ ਉਨ੍ਹਾਂ ਨਿਰਦੇਸ਼ਕਾਂ ਦੀ ਧੰਨਵਾਦੀ ਹੈ, ਜਿਨ੍ਹਾਂ ਨਾਲ ਉਸ ਨੇ ਕੰਮ ਕੀਤਾ ਹੈ ਕਿਉਂਕਿ ਉਨ੍ਹਾਂ ਆਪਣੀਆਂ ਫਿਲਮਾਂ ਵਿੱਚ ਸਮਾਜਿਕ ਤਬਦੀਲੀ ਲਈ ਇਹੀ ਦ੍ਰਿਸ਼ਟੀਕੋਣ ਸਾਂਝਾ ਕੀਤਾ ਹੈ। ਭੂਮੀ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ 2015 ਵਿੱਚ ਆਈ ਮਸ਼ਹੂਰ ਹਿੰਦੀ ਫਿਲਮ ‘ਦਮ ਲਗਾ ਕੇ ਹਾਈਸ਼ਾ’ ਨਾਲ ਕੀਤੀ ਸੀ। ਉਸ ਨੇ ‘ਟੌਇਲਟ: ਏਕ ਪ੍ਰੇਮ ਕਥਾ’, ‘ਸੋਨ ਚਿੜੀਆ’, ‘ਸ਼ੁਭ ਮੰਗਲ ਸਾਵਧਾਨ’, ‘ਬਾਲਾ’ ਅਤੇ ‘ਸਾਂਡ ਕੀ ਆਖ’ ਸਮੇਤ ਕਈ ਹੋਰ ਫਿਲਮਾਂ ਵਿੱਚ ਕੰਮ ਕੀਤਾ ਹੈ। ਅਦਾਕਾਰਾ ਹੁਣ ਆਪਣੀਆਂ ਇੱਕ ਤੋਂ ਇੱਕ ਆਉਣ ਵਾਲੀਆਂ ਫਿਲਮਾਂ ਦੀ ਉਡੀਕ ਵਿੱਚ ਹੈ, ਜਿਨ੍ਹਾਂ ਵਿੱਚ ‘ਮਿਸ ਲੇਲੇ’, ‘ਬਧਾਈ ਦੋ’ ਅਤੇ ‘ਰਕਸ਼ਾ ਬੰਧਨ’ ਸ਼ਾਮਲ ਹੈ। ਅਦਾਕਾਰਾ ਨੇ ਕਿਹਾ, ‘‘ਮੈਨੂੰ ਹਮੇਸ਼ਾ ਤੋਂ ਹੀ ਆਪਣੀਆਂ ਫਿਲਮਾਂ ਦੀ ਚੋਣ ’ਤੇ ਭਰੋਸਾ ਰਿਹਾ ਹੈ। ਮੈਂ ਹਮੇਸ਼ਾ ਚਾਹੁੰਦੀ ਸੀ ਕਿ ਉਹ ਕੁਝ ਵੱਖਰੀਆਂ, ਅਦਭੁੱਤ ਅਤੇ ਤਰਜੀਹੀ ਤੌਰ ’ਤੇ ਇੱਕ ਸੰਦੇਸ਼ ਦੇਣ ਵਾਲੀਆਂ ਅਤੇ ਸਭ ਤੋਂ ਮਹੱਤਵਪੂਰਨ ਔਰਤ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਪੇਸ਼ ਕਰਨ ਵਾਲੀਆਂ ਹੋਣ।’’ ਭੂਮੀ ਨੇ ਅੱਗੇ ਕਿਹਾ, ‘‘ਇੱਕ ਔਰਤ ਹੋਣ ਦੇ ਨਾਤੇ ਮੈਂ ਮਹਿਸੂਸ ਕਰਦੀ ਹਾਂ ਕਿ ਅਜਿਹੀਆਂ ਸਕ੍ਰਿਪਟ ਦੀ ਚੋਣ ਕਰਨਾ ਮੇਰਾ ਫਰਜ਼ ਹੈ, ਜੋ ਔਰਤ ਦੇ ਮਾਣ-ਸਨਮਾਨ ਨੂੰ ਸਹੀ ਢੰਗ ਨਾਲ ਪੇਸ਼ ਕਰਦੀਆਂ ਹੋਣ। ਮੈਨੂੰ ਖੁਸ਼ੀ ਹੈ ਕਿ ਮੈਨੂੰ ਅਜਿਹੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।’’