ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਤੋਂ ਕੁੱਝ ਘੰਟੇ ਪਹਿਲਾਂ ਫਰਾਂਸ ਦੇ ਹਾਈ ਸਪੀਡ ਰੇਲ ਨੈੱਟਵਰਕ ਨੂੰ ਨਿਸ਼ਾਨਾ ਬਣਾ ਕੇ ਅੱਗ ਲਾਉਣ ਅਤੇ ਭੰਨਤੋੜ ਦੀਆਂ ਘਟਨਾਵਾਂ ਕਾਰਨ ਸ਼ੁਕਰਵਾਰ ਨੂੰ ਦੇਸ਼ ਅਤੇ ਯੂਰਪ ਦੇ ਵੱਖ-ਵੱਖ ਹਿੱਸਿਆਂ ਨਾਲ ਰਾਜਧਾਨੀ ਪੈਰਿਸ ਲਈ ਚੱਲਣ ਵਾਲੀ ਰੇਲ ਸੇਵਾ ’ਤੇ ਬੁਰਾ ਅਸਰ ਪਿਆ।
ਫਰਾਂਸ ਦੇ ਅਧਿਕਾਰੀਆਂ ਨੇ ਇਨ੍ਹਾਂ ਹਮਲਿਆਂ ਨੂੰ ਅਪਰਾਧਕ ਕਾਰਵਾਈ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਹਮਲੇ ਓਲੰਪਿਕ ਨਾਲ ਜੁੜੇ ਹੋਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਓਲੰਪਿਕ ਖੇਡਾਂ ਲਈ ਦੁਨੀਆਂ ਦੀ ਨਜ਼ਰ ਪੈਰਿਸ ’ਤੇ ਹੈ ਅਤੇ ਇਕੱਲੇ ਸ਼ੁਕਰਵਾਰ ਨੂੰ ਹੋਏ ਹਮਲਿਆਂ ਨਾਲ 2,50,000 ਮੁਸਾਫ਼ਰਾਂ ਦੇ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨਾਂ ’ਤੇ ਅੱਗਜ਼ਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਕਾਰਨ ਹਫਤੇ ਦੇ ਅੰਤ ’ਚ ਰੇਲ ਗੱਡੀਆਂ ਦਾ ਸੰਚਾਲਨ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।
ਫਰਾਂਸ ਦੇ ਟਰਾਂਸਪੋਰਟ ਮੰਤਰੀ ਪੈਟ੍ਰਿਸ ਵਰਗਿਟ ਨੇ ਕਿਹਾ ਕਿ ਜਿੱਥੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਉਨ੍ਹਾਂ ਥਾਵਾਂ ਤੋਂ ਲੋਕਾਂ ਨੂੰ ਭੱਜਦੇ ਵੇਖਿਆ ਗਿਆ ਅਤੇ ਇਨ੍ਹਾਂ ਥਾਵਾਂ ’ਤੇ ਅੱਗ ਲਗਾਉਣ ਲਈ ਵਰਤੀ ਗਈ ਸਮੱਗਰੀ ਵੀ ਮਿਲੀ ਸੀ।
ਵਰਗਿਟ ਨੇ ਕਿਹਾ, ‘‘ਹਰ ਚੀਜ਼ ਸੰਕੇਤ ਦਿੰਦੀ ਹੈ ਕਿ ਇਹ ਅਪਰਾਧਕ ਘਟਨਾਵਾਂ ਹਨ। ਇਨ੍ਹਾਂ ਘਟਨਾਵਾਂ ਕਾਰਨ ਪੈਰਿਸ ਨੂੰ ਫਰਾਂਸ ਦੇ ਹੋਰ ਹਿੱਸਿਆਂ ਅਤੇ ਗੁਆਂਢੀ ਦੇਸ਼ਾਂ ਨਾਲ ਜੋੜਨ ਵਾਲੀਆਂ ਤੇਜ਼ ਰਫਤਾਰ ਰੇਲ ਗੱਡੀਆਂ ਨੂੰ ਮੁਅੱਤਲ ਕਰ ਦਿਤਾ ਗਿਆ।’’
‘ਬੀ.ਐਫ.ਐਮ ਟੈਲੀਵਿਜ਼ਨ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਲੋਕ ਓਲੰਪਿਕ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਣ ਲਈ ਪੈਰਿਸ ਜਾਣ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਈ ਛੁੱਟੀਆਂ ਮਨਾਉਣ ਵਾਲਿਆਂ ਦੀ ਪੈਰਿਸ ਅਤੇ ਹੋਰ ਥਾਵਾਂ ਦੀ ਯਾਤਰਾ ਕਰਨ ਦੀ ਵੀ ਯੋਜਨਾ ਸੀ।
ਪੈਰਿਸ ਵਿਚ ਅਧਿਕਾਰੀ ਸਖਤ ਸੁਰੱਖਿਆ ਵਿਚਾਲੇ ਸੀਨ ਨਦੀ ਅਤੇ ਇਸ ਦੇ ਕੰਢਿਆਂ ’ਤੇ ਸ਼ਾਨਦਾਰ ਪਰੇਡ ਦੀ ਤਿਆਰੀ ਕਰ ਰਹੇ ਸਨ, ਜਦੋਂ ਅਟਲਾਂਟਿਕ, ਨੋਰਡ ਅਤੇ ਐਸ.ਟੀ. ਵਿਚ ਤੇਜ਼ ਰਫਤਾਰ ਲਾਈਨਾਂ ’ਤੇ ਪਟੜੀਆਂ ਨੇੜੇ ਗੋਲੀਬਾਰੀ ਦੀ ਖ਼ਬਰ ਮਿਲੀ। ਗੋਲੀਬਾਰੀ ਕਾਰਨ ਪੈਰਿਸ ਦੇ ਮੁੱਖ ਮੌਂਟਪਰਨਾਸੇ ਸਟੇਸ਼ਨ ’ਤੇ ਰੇਲ ਸੇਵਾਵਾਂ ਖਾਸ ਤੌਰ ’ਤੇ ਪ੍ਰਭਾਵਤ ਹੋਈਆਂ।
ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਵੀਡੀਉ ’ਚ ਮੌਂਟਪਰਨਾਸੇ ਸਟੇਸ਼ਨ ਦਾ ਹਾਲ ਮੁਸਾਫ਼ਰਾਂ ਨਾਲ ਭਰਿਆ ਹੋਇਆ ਵੇਖਿਆ ਜਾ ਸਕਦਾ ਹੈ।
ਪੈਰਿਸ ਦੇ ਪੁਲਿਸ ਮੁਖੀ ਲੌਰੈਂਟ ਨੂਨੇਜ਼ ਨੇ ਫਰਾਂਸ ਇਨਫੋ ਟੈਲੀਵਿਜ਼ਨ ਨੂੰ ਦਸਿਆ ਕਿ ਪੈਰਿਸ ਪੁਲਿਸ ਨੇ ਟੀ.ਜੀ.ਵੀ. ਹਾਈ-ਸਪੀਡ ਨੈੱਟਵਰਕ ’ਤੇ ਰੇਲ ਸੰਚਾਲਨ ਨੂੰ ਰੋਕਣ ਲਈ ‘ਸਮੂਹਕ ਹਮਲੇ’ ਤੋਂ ਬਾਅਦ ਪੈਰਿਸ ਰੇਲਵੇ ਸਟੇਸ਼ਨਾਂ ’ਤੇ ਕਰਮਚਾਰੀ ਭੇਜੇ ਸਨ।
ਯੂਰਪ ਦੇ ਸੱਭ ਤੋਂ ਵਿਅਸਤ ਰੇਲਵੇ ਸਟੇਸ਼ਨਾਂ ਵਿਚੋਂ ਇਕ ‘ਗਾਰੇ ਡੂ ਨੋਰਡ’ ਵਿਚ ਬਹੁਤ ਸਾਰੇ ਮੁਸਾਫ਼ਰ ਸ਼ੁਕਰਵਾਰ ਸਵੇਰ ਤੋਂ ਹੀ ਡਿਸਪਲੇ ਬੋਰਡਾਂ ਨੂੰ ਤਕਦੇ ਰਹੇ ਕਿਉਂਕਿ ਉੱਤਰੀ ਫਰਾਂਸ, ਬੈਲਜੀਅਮ ਅਤੇ ਬਰਤਾਨੀਆਂ ਜਾਣ ਵਾਲੀਆਂ ਜ਼ਿਆਦਾਤਰ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਸਨ।
ਲੰਡਨ ਜਾਣ ਵਾਲੀ ਰੇਲ ਗੱਡੀ ਦੀ ਉਡੀਕ ਕਰ ਰਹੀ ਮੁਸਾਫ਼ਰ ਸਾਰਾ ਮੋਸਲੇ ਨੇ ਕਿਹਾ, ‘‘ਇਹ ਓਲੰਪਿਕ ਦੀ ਮੇਜ਼ਬਾਨੀ ਦੀ ਬਹੁਤ ਮਾੜੀ ਸ਼ੁਰੂਆਤ ਹੈ।’’ ਇਕ ਹੋਰ ਮੁਸਾਫ਼ਰ ਕੋਰੀ ਗ੍ਰੇਂਜਰ ਨੇ ਕਿਹਾ, ‘‘ਉਨ੍ਹਾਂ ਕੋਲ ਮੁਸਾਫ਼ਰਾਂ ਲਈ ਵਧੇਰੇ ਜਾਣਕਾਰੀ ਹੋਣੀ ਚਾਹੀਦੀ ਹੈ, ਖ਼ਾਸਕਰ ਜੇ ਇਹ ਇਕ ਖਤਰਨਾਕ ਹਮਲਾ ਹੈ।’’
ਫਰਾਂਸ ਦੀ ਕੌਮੀ ਰੇਲ ਕੰਪਨੀ ਐਸ.ਐਨ.ਸੀ.ਐਫ. ਨੇ ਇਨ੍ਹਾਂ ਘਟਨਾਵਾਂ ਨੂੰ ਯੋਜਨਾਬੱਧ ਹਮਲੇ ਦਸਿਆ ਹੈ। ਹਮਲਿਆਂ ਕਾਰਨ ਇੰਗਲਿਸ਼ ਚੈਨਲ ਰਾਹੀਂ ਲੰਡਨ, ਬੈਲਜੀਅਮ ਅਤੇ ਪਛਮੀ, ਉੱਤਰੀ ਅਤੇ ਪੂਰਬੀ ਫਰਾਂਸ ਜਾਣ ਵਾਲੀਆਂ ਕਈ ਰੇਲ ਗੱਡੀਆਂ ਰੁਕ ਗਈਆਂ।
ਸਰਕਾਰੀ ਅਧਿਕਾਰੀਆਂ ਨੇ ਪੈਰਿਸ ਓਲੰਪਿਕ ਦੇ ਉਦਘਾਟਨ ਸਮਾਰੋਹ ਤੋਂ ਕੁੱਝ ਘੰਟੇ ਪਹਿਲਾਂ ਵਾਪਰੀਆਂ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ। ਹਾਲਾਂਕਿ, ਇਸ ਗੱਲ ਦਾ ਤੁਰਤ ਕੋਈ ਸੰਕੇਤ ਨਹੀਂ ਮਿਲਿਆ ਕਿ ਉਹ ਓਲੰਪਿਕ ਖੇਡਾਂ ਨਾਲ ਸਬੰਧਤ ਸਨ।
ਕੌਮੀ ਪੁਲਿਸ ਨੇ ਕਿਹਾ ਕਿ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਰੇਲ ਲਾਈਨਾਂ ’ਤੇ ਕੰਮਕਾਜ ਕਿਉਂ ਪ੍ਰਭਾਵਤ ਹੋਇਆ।
ਇਸ ਦੌਰਾਨ ਫਰਾਂਸ ਦੇ ਮੀਡੀਆ ਨੇ ਪਛਮੀ ਰਸਤੇ ’ਤੇ ਇਕ ਸਟੇਸ਼ਨ ’ਤੇ ਵੱਡੇ ਪੱਧਰ ’ਤੇ ਅੱਗ ਲੱਗਣ ਦੀ ਖਬਰ ਦਿਤੀ ਹੈ।
ਖੇਡ ਮੰਤਰੀ ਅਮੇਲੀ ਓਦੀਆ-ਕਾਸਤਰੋਰਾ ਨੇ ਕਿਹਾ ਕਿ ਅਧਿਕਾਰੀ ਮੁਸਾਫ਼ਰਾਂ ਅਤੇ ਐਥਲੀਟਾਂ ’ਤੇ ਪੈਣ ਵਾਲੇ ਅਸਰ ਦਾ ਮੁਲਾਂਕਣ ਕਰ ਰਹੇ ਹਨ ਅਤੇ ਓਲੰਪਿਕ ਖੇਡਾਂ ਦੇ ਮੁਕਾਬਲੇ ਵਾਲੀਆਂ ਥਾਵਾਂ ’ਤੇ ਸਾਰੇ ਵਫਦਾਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ।
ਐਸ.ਐਨ.ਸੀ.ਐਫ. ਨੇ ਕਿਹਾ ਕਿ ਉਹ ਨਹੀਂ ਜਾਣਦਾ ਕਿ ਰੇਲ ਗੱਡੀਆਂ ਦਾ ਸੰਚਾਲਨ ਕਦੋਂ ਸ਼ੁਰੂ ਹੋਵੇਗਾ ਅਤੇ ਡਰ ਹੈ ਕਿ ਰੁਕਾਵਟਾਂ ‘ਘੱਟੋ ਘੱਟ ਹਫਤੇ ਦੇ ਅੰਤ ਤਕ’ ਜਾਰੀ ਰਹਿ ਸਕਦੀਆਂ ਹਨ।